Gee 98News

ਬਰਨਾਲਾ 25 ਫਰਵਰੀ (ਨਿਰਮਲ ਸਿੰਘ ਪੰਡੋਰੀ)-

-ਬਰਨਾਲਾ ਜ਼ਿਲ੍ਹੇ ਦੇ ਇਤਿਹਾਸਿਕ ਪਿੰਡ ਠੀਕਰੀਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਵੱਲੋਂ ਅੱਠਵੀਂ ਦੀ ਪ੍ਰੀਖਿਆ ਲਈ ਇੱਕ ਵਿਦਿਆਰਥਣ ਦਾ ਰੋਲ ਨੰਬਰ ਜਾਰੀ ਨਾ ਕਰਨ ਦਾ ਵਿਵਾਦ ਅਜੇ ਮੱਠਾ ਨਹੀਂ ਪਿਆ ਦੂਜੇ ਪਾਸੇ ਸਬੰਧਿਤ ਪ੍ਰਿੰਸੀਪਲ ਹੋਰ ਵੱਡੇ ਸਵਾਲਾਂ ਦੇ ਘੇਰੇ ਵਿੱਚ ਘਿਰ ਗਿਆ ਹੈ। ਸਕੂਲ ਦੇ ਪ੍ਰਿੰਸੀਪਲ ਸੰਜੇ ਸਿੰਗਲਾ ਦੇ ਖ਼ਿਲਾਫ਼ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਇੱਕ ਲਿਖਤੀ ਤੌਰ ‘ਤੇ ਦਰਖ਼ਾਸਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਰਦਾਰ ਹਰਪ੍ਰੀਤ ਸਿੰਘ ਨੂੰ ਦਿੱਤੀ ਜਿਸ ਵਿੱਚ ਪ੍ਰਿੰਸੀਪਲ ‘ਤੇ ਗੰਭੀਰ ਦੋਸ਼ ਲਗਾਏ ਗਏ ਹਨ। ਪ੍ਰਿੰਸੀਪਲ ਸੰਜੇ ਸਿੰਗਲਾ ਦੇ ਖ਼ਿਲਾਫ਼ ਦਿੱਤੀ ਇਸ ਦਰਖ਼ਾਸਤ ਦਾ ਇੱਕ ਅਹਿਮ ਪੱਖ ਇਹ ਵੀ ਹੈ ਕਿ ਇਹ ਦਰਖ਼ਾਸਤ ਪਿੰਡ ਦੇ ਕਿਸੇ ਇੱਕ ਵਿਅਕਤੀ ਵੱਲੋਂ ਨਹੀਂ ਸਗੋਂ ਸਕੂਲ ਦੀ ਮੈਨੇਜਮੈਂਟ ਕਮੇਟੀ, ਪਿੰਡ ਦੀ ਪੰਚਾਇਤ, ਪਿੰਡ ਦੀ ਗੁਰਦੁਆਰਾ ਕਮੇਟੀ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਦਿੱਤੀ ਹੈ, ਜਿਨ੍ਹਾਂ ਨੇ ਦਰਖ਼ਾਸਤ ਦੇ ਉੱਪਰ ਬਕਾਇਦਾ ਦਸਤਖ਼ਤ ਵੀ ਕੀਤੇ ਹਨ। ਪਿੰਡ ਵਾਸੀਆਂ ਨੇ ਸੰਜੇ ਸਿੰਗਲਾ ਪ੍ਰਿੰਸੀਪਲ ‘ਤੇ ਦੋਸ਼ ਲਗਾਏ ਕਿ ਉਸ ਦਾ ਸਕੂਲ ਦੀਆਂ ਵਿਦਿਆਰਥਣਾਂ ਨਾਲ ਵਿਵਹਾਰ ਵੀ ਚੰਗਾ ਨਹੀਂ ਹੈ। ‌ ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਪ੍ਰਿੰਸੀਪਲ ਵੱਲੋਂ ਕੁੜੀਆਂ ਨੂੰ ਸਿਰ ‘ਤੇ ਚੁੰਨੀਆਂ ਲੈਣ ਤੋਂ ਵੀ ਵਰਜਿਆ ਜਾ ਰਿਹਾ ਹੈ ਅਤੇ “ਚੁੰਨੀਆਂ ਲੈਣ ਦੀ ਲੋੜ ਨਹੀਂ ਬੌਬੀ ਕੱਟਿੰਗ”ਕਰਵਾ ਲਿਆ ਕਰੋ” ਵਰਗੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਦਰਖ਼ਾਸਤ ਵਿੱਚ ਇਸ ਗੱਲ ਦਾ ਵੀ ਜ਼ਿਕਰ ਹੈ ਕਿ ਕੁੜੀਆਂ ਨੂੰ ਚੁੰਨੀਆਂ ਲੈਣ ਤੋਂ ਵਰਜਣ ਅਤੇ ਖੇਡਾਂ ਖੇਡਣ ਤੋਂ ਰੋਕਣ ਸਬੰਧੀ ਮਾਮਲਾ ਜਦ ਪਿੰਡ ਵਾਸੀਆਂ ਦੇ ਧਿਆਨ ਆਇਆ ਤਾਂ ਪ੍ਰਿੰਸੀਪਲ ਨੇ ਪਿੰਡ ਦੇ ਪਤਵੰਤਿਆਂ ਤੋਂ ਮਾਫ਼ੀ ਮੰਗ ਕੇ ਖਹਿੜਾ ਛੁਡਵਾਇਆ ਸੀ।

                                                      ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅੱਠਵੀਂ ਦੀ ਬੋਰਡ ਦੀ ਪ੍ਰੀਖਿਆ ਲਈ ਬਿਨਾਂ ਕਿਸੇ ਕਾਰਨ ਤੋਂ ਇੱਕ ਵਿਦਿਆਰਥਣ ਦਾ ਰੋਲ ਨੰਬਰ ਰੋਕੇ ਜਾਣ ਦੀ ਘਟਨਾ ਕਾਰਨ ਅਮਰ ਸ਼ਹੀਦ ਸਰਦਾਰ ਸੇਵਾ ਸਿੰਘ ਦੀ ਜਨਮ ਭੂਮੀ ਪਿੰਡ ਠੀਕਰੀਵਾਲਾ ਦਾ ਨਾਮ ਸਮੁੱਚੇ ਪੰਜਾਬ ਵਿੱਚ ਚਰਚਾ ਵਿੱਚ ਰਿਹਾ ਜਿਸ ਦਾ ਪਿੰਡ ਵਾਸੀਆਂ ਨੂੰ ਦੁੱਖ ਹੈ ਅਤੇ ਇਸ ਘਟਨਾ ਲਈ ਪ੍ਰਿੰਸੀਪਲ ਹੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਇਸ ਤੋਂ ਇਲਾਵਾ ਸਕੂਲ ਮੈਨੇਜਮੈਂਟ ਕਮੇਟੀ ਬੂਟਾ ਖਾਨ ਨੇ ਪ੍ਰਿੰਸੀਪਲ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸ ਨੂੰ ਸਕੂਲ ਵਿੱਚ ਕਰਵਾਏ ਜਾਣ ਵਾਲੇ ਵਿਕਾਸ ਕੰਮਾਂ ਸਬੰਧੀ ਬਿਲਕੁਲ ਵੀ ਜਾਣਕਾਰੀ ਨਹੀਂ ਦਿੱਤੀ ਜਾਂਦੀ ਬਲਕਿ ਜਦੋਂ ਕਮੇਟੀ ਦੀ ਮੀਟਿੰਗ ਬੁਲਾਈ ਜਾਂਦੀ ਹੈ ਤਾਂ ਰਜਿਸਟਰ ਉੱਪਰ ਪਹਿਲਾਂ ਹੀ ਮਤਾ ਲਿਖਿਆ ਹੁੰਦਾ ਹੈ ਅਤੇ ਕਮੇਟੀ ਮੈਂਬਰਾਂ ਤੋਂ ਦਸਤਖ਼ਤ ਹੀ ਕਰਵਾਏ ਜਾਂਦੇ ਹਨ। ‌ ਚੇਅਰਮੈਨ ਨੇ ਦੱਸਿਆ ਕਿ ਸਕੂਲ ਵਿੱਚ ਆਈ ਤਾਜ਼ਾ ਗਰਾਂਟ ਨਾਲ ਇੱਕ ਕਮਰਾ ਬਣਾਇਆ ਜਾ ਰਿਹਾ ਹੈ ਜਿਸ ਲਈ ਪ੍ਰਿੰਸੀਪਲ ਨੇ ਇੱਟਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਜੋਗਾ ਤੋਂ 7200 ਪ੍ਰਤੀ ਹਜ਼ਾਰ ਦੇ ਹਿਸਾਬ ਨਾਲ ਮੰਗਵਾਈਆਂ ਹਨ ਜਦਕਿ ਉਹਨਾਂ ਦੇ ਪਿੰਡ ਠੀਕਰੀਵਾਲ ਵਿਖੇ ਪ੍ਰਤੀ ਹਜ਼ਾਰ ਇੱਟ ਦਾ ਰੇਟ ਸਿਰਫ 6800 ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਪਿੰਡ ਵਿੱਚ ਕਿਸੇ ਦੇ ਘਰ ਕੋਈ ਖੁਸ਼ੀ ਗਮੀ ਦਾ ਸਮਾਗਮ ਹੁੰਦਾ ਹੈ ਤਾਂ ਲੋਕ ਸਕੂਲ ਨੂੰ ਦਾਨ ਵਜੋਂ ਆਰਥਿਕ ਸਹਾਇਤਾ ਦਿੰਦੇ ਹਨ ਪ੍ਰੰਤੂ ਪ੍ਰਿੰਸੀਪਲ ਵੱਲੋਂ ਕੋਈ ਪਰਚੀ ਕੱਟ ਕੇ ਨਹੀਂ ਦਿੱਤੀ ਜਾਂਦੀ ਅਤੇ ਉਹਨਾਂ ਪੈਸਿਆਂ ਦਾ ਕੋਈ ਹਿਸਾਬ ਕਿਤਾਬ ਨਹੀਂ ਹੈ। ਇਹਨਾਂ ਦੋਸ਼ਾਂ ਸਬੰਧੀ ਪ੍ਰਿੰਸੀਪਲ ਦਾ ਪੱਖ ਜਾਣਨ ਲਈ ਫੋਨ ‘ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਸੰਪਰਕ ਨਹੀਂ ਹੋ ਸਕਿਆ।

Gee98 Ads

                                              ਪਿੰਡ ਦੀ ਪੰਚਾਇਤ, ਗੁਰਦੁਆਰਾ ਕਮੇਟੀ ਅਤੇ ਸਕੂਲ ਮੈਨੇਜਮੈਂਟ ਕਮੇਟੀ ਨੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਕੰਨਿਆ ਸਕੂਲ ਦੇ ਪ੍ਰਿੰਸੀਪਲ ਸੰਜੇ ਸਿੰਗਲਾ ਦੀ ਤੁਰੰਤ ਬਦਲੀ ਕੀਤੀ ਜਾਵੇ ਤੇ ਸਕੂਲ ਵਿੱਚ ਮਹਿਲਾ ਪ੍ਰਿੰਸੀਪਲ ਦੀ ਨਿਯੁਕਤੀ ਕੀਤੀ ਜਾਵੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਇਹ ਵੀ ਕਿਹਾ ਕਿ ਉਹ ਹੁਣ ਮੌਜੂਦਾ ਪ੍ਰਿੰਸੀਪਲ ਨੂੰ ਸਕੂਲ ਵਿੱਚ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰਨਗੇ, ਜੇਕਰ ਪ੍ਰਿੰਸੀਪਲ ਦੀ ਬਦਲੀ ਸਬੰਧੀ ਉਹਨਾਂ ਦੀ ਮੰਗ ਨਾ ਮੰਨੀ ਗਈ ਤਾਂ ਪਿੰਡ ਵਾਸੀ ਸੰਘਰਸ਼ ਵੀ ਸ਼ੁਰੂ ਕਰਨਗੇ। ਅੱਠਵੀਂ ਕਲਾਸ ਦੀ ਵੋਟ ਪ੍ਰੀਖਿਆ ਦਾ ਰੋਲ ਨੰਬਰ ਰੋਕੇ ਜਾਣ ਸਬੰਧੀ ਤਾਂ ਸੰਬੰਧਿਤ ਪਰਿਵਾਰ ਨਾਲ ਭਾਵੇਂ ਕਥਿਤ ਤੌਰ ਤੇ ਰਾਜ਼ੀਨਾਮਾ ਹੋ ਗਿਆ ਪ੍ਰੰਤੂ ਹੁਣ ਵੇਖਣਯੋਗ ਹੋਵੇਗਾ ਕਿ ਸਿੱਖਿਆ ਵਿਭਾਗ ਪ੍ਰਿੰਸੀਪਲ ਦੇ ਖ਼ਿਲਾਫ਼ ਕੋਈ ਕਾਰਵਾਈ ਕਰਦਾ ਹੈ ਜਾਂ ਫਿਰ ਪਿੰਡ ਵਾਸੀਆਂ ਦੀ ਦਰਖਾਸਤ ਨੂੰ ਠੰਡੇ ਵਸਤੇ ਵਿੱਚ ਪਾ ਦਿੱਤਾ ਜਾਵੇਗਾ ਕਿਉਂਕਿ ਵਿਭਾਗੀ ਸੂਤਰਾਂ ਅਨੁਸਾਰ ਸਬੰਧਤ ਪ੍ਰਿੰਸੀਪਲ ਸਿੱਖਿਆ ਵਿਭਾਗ ਦਾ ‘ਲਾਡਲਾ’ ਅਧਿਕਾਰੀ ਹੈ। ਵਿਦਿਆਰਥਣ ਦਾ ਰੋਲ ਨੰਬਰ ਰੋਕੇ ਜਾਣ ਸਬੰਧੀ ਕਾਰਵਾਈ ਨੂੰ ਭਾਵੇਂ ਸਮਝੌਤੇ ਦਾ ਲੇਬਲ ਲਗਾ ਕੇ ਰਫਾ ਦਫਾ ਕਰਨ ਦੇ ਯਤਨ ਕੀਤੇ ਗਏ ਪ੍ਰੰਤੂ ਪ੍ਰਿੰਸੀਪਲ ਤੇ ਵਿਦਿਆਰਥਨਾ ਨਾਲ ਦੁਰਵਿਵਹਾਰ ਸਮੇਤ ਦਿੱਤੀ ਗੜਬੜੀਆਂ ਦੇ ਲੱਗੇ ਦੋਸ਼ਾਂ ਨੂੰ ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਅੱਖੋਂ ਪਰੋਖੇ ਕਰਨਾ ਸੌਖਾ ਨਹੀਂ ਹੋਵੇਗਾ ਕਿਉਂਕਿ ਪਿੰਡ ਵਾਸੀਆਂ ਵੱਲੋਂ ਇੱਕ ਸ਼ਿਕਾਇਤ ‘ਮੁੱਖ ਮੰਤਰੀ ਸ਼ਿਕਾਇਤ ਖਿੜਕੀ’ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਭੇਜੀ ਗਈ ਹੈ।

Leave a Reply

Your email address will not be published. Required fields are marked *

error: Content is protected !!