Gee 98News

ਚੰਡੀਗੜ੍ਹ,26 ਫਰਵਰੀ, Gee98 news service-

ਸੀਨੀਅਰ ਕਾਂਗਰਸੀ ਨੇਤਾ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਆਦੀਆਂ ਵਿੱਚ ਪੁਲਿਸ ਐਨਕਾਉਂਟਰ ਵਿੱਚ ਮਾਰੇ ਗਏ 19 ਸਾਲਾ ਰਣਜੀਤ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਪਹੁੰਚੇ। ਉਨ੍ਹਾਂ ਨੇ ਮ੍ਰਿਤਕ ਦੀ ਮਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਇਸ ਘਟਨਾ ਨੂੰ ਪੰਜਾਬ ਪੁਲਿਸ ਵੱਲੋਂ ਰਚਿਆ ਗਿਆ ਸਟੇਜ-ਮੈਨੇਜਡ ਫਰਜ਼ੀ ਐਨਕਾਊਂਟਰ ਕਰਾਰ ਦਿੱਤਾ।
ਖਹਿਰਾ ਨੇ ਕਿਹਾ ਕਿ ਰਣਜੀਤ ਸਿੰਘ ਦਾ ਕਤਲ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਸਰਕਾਰ ਦੌਰਾਨ ਹੋਇਆ 42ਵਾਂ ਸ਼ੱਕੀ ਐਨਕਾਉਂਟਰ ਹੈ, ਜਿੱਥੇ ਹਰ ਵਾਰ ਇੱਕੋ ਜਿਹਾ ਸਕ੍ਰਿਪਟ ਦੁਹਰਾਇਆ ਜਾਂਦਾ ਹੈ, ਪੀੜਤ ਨੂੰ ਮਾਰ ਦਿੱਤਾ ਜਾਂਦਾ ਹੈ ਅਤੇ ਪੁਲਿਸ ਕਰਮਚਾਰੀਆਂ ਨੂੰ ਕੇਵਲ ਹਲਕੀਆਂ ਜਾਂ ਖੁਦ ਲਾਈਆਂ ਚੋਟਾਂ ਆਉਂਦੀਆਂ ਹਨ। ਖਹਿਰਾ ਨੇ ਦੱਸਿਆ ਕਿ ਰਣਜੀਤ ਸਿੰਘ ਨੂੰ ਮੰਗਲਵਾਰ ਨੂੰ ਸ਼ਾਮ ਕਰੀਬ 4 ਵਜੇ ਉਸਦੇ ਘਰ ਤੋਂ, ਉਸਦੇ ਪਰਿਵਾਰ ਅਤੇ ਪਿੰਡ ਵਾਸੀਆਂ ਦੀ ਮੌਜੂਦਗੀ ਵਿੱਚ, ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ। ਉਨ੍ਹਾਂ ਨੇ ਸਵਾਲ ਉਠਾਇਆ ਕਿ ਜੇ ਰਣਜੀਤ ਦੋਸ਼ੀ ਹੁੰਦਾ, ਤਾਂ ਕੀ ਉਹ ਸ਼ਾਂਤੀ ਨਾਲ ਘਰ ਬੈਠਾ ਪੁਲਿਸ ਦੀ ਗ੍ਰਿਫ਼ਤਾਰੀ ਦੀ ਉਡੀਕ ਕਰ ਰਿਹਾ ਹੁੰਦਾ?

                                                          ਖਹਿਰਾ ਨੇ ਕਿਹਾ ਕਿ ਰਣਜੀਤ ਦਾ ਕੋਈ ਵੀ ਅਪਰਾਧਿਕ ਪਿਛੋਕੜ ਨਹੀਂ ਸੀ ਅਤੇ ਉਹ ਇੱਕ ਅਨੁਸ਼ਾਸਿਤ ਤੇ ਕਾਨੂੰਨ ਮੰਨਣ ਵਾਲਾ ਨੌਜਵਾਨ ਸੀ। ਪੁਲਿਸ ਦੀ ਕਹਾਣੀ ‘ਤੇ ਗੰਭੀਰ ਸਵਾਲ ਉਠਾਉਂਦੇ ਹੋਏ ਖਹਿਰਾ ਨੇ ਕਿਹਾ ਕਿ ਜੇ ਪੁਲਿਸ ਨੇ ਕੁਝ ਵੀ ਗਲਤ ਨਹੀਂ ਕੀਤਾ ਤਾਂ ਉਸੇ ਰਾਤ ਕਰੀਬ 10 ਵਜੇ ਪਿੰਡ ਦੇ ਸਾਰੇ ਡੀਵੀਆਰ ਕਿਉਂ ਜ਼ਬਤ ਕੀਤੇ ਗਏ ਅਤੇ ਸੀਸੀਟੀਵੀ ਕੈਮਰੇ ਕਿਉਂ ਤੋੜੇ ਗਏ? ਉਨ੍ਹਾਂ ਨੇ ਪੁਲਿਸ ਦੇ ਅਧਿਕਾਰਿਕ ਬਿਆਨ ‘ਤੇ ਹੋਰ ਵੀ ਸਵਾਲ ਖੜੇ ਕੀਤੇ ਕਿ ਜੇ ਪੁਲਿਸ ਦੀ ਜੀਪ ਪਲਟ ਗਈ ਤਾਂ ਸਿਰਫ਼ ਪੁਲਿਸ ਮੁਲਾਜ਼ਮ ਹੀ ਜ਼ਖ਼ਮੀ ਕਿਉਂ ਹੋਏ ਜਦਕਿ ਰਣਜੀਤ ਸਿੰਘ ਜਿਸਦੇ ਹੱਥ ਕਥਿਤ ਤੌਰ ‘ਤੇ ਹਥਕੜੀਆਂ ਨਾਲ ਬੰਨੇ ਹੋਏ ਸਨ ਨੂੰ ਇੱਕ ਵੀ ਚੋਟ ਕਿਉਂ ਨਹੀਂ ਲੱਗੀ? ਰਾਤ ਦੇ 3 ਵਜੇ ਤੋਂ ਬਾਅਦ ਘੁੱਪ ਹਨੇਰੇ ਵਿੱਚ ਹਥਕੜੀਆਂ ਲੱਗਿਆ ਨੌਜਵਾਨ ਪੁਲਿਸ ਹਿਰਾਸਤ ਤੋਂ ਕਿਵੇਂ ਭੱਜਿਆ ? ਅਤੇ ਅਜਿਹੇ ਹਾਲਾਤਾਂ ਵਿੱਚ ਉਸਨੇ ਮੋਟਰਸਾਈਕਲ ਅਤੇ ਹਥਿਆਰ ਦਾ ਕਿੱਥੋਂ ਅਤੇ ਕਿਵੇਂ ਪ੍ਰਬੰਧ ਕਰ ਲਿਆ ? ਖਹਿਰਾ ਨੇ ਮ੍ਰਿਤਕ ਨੂੰ “ISI ਏਜੰਟ” ਕਰਾਰ ਦੇਣ ਦੇ ਦਾਅਵੇ ਨੂੰ ਵੀ ਸਖ਼ਤੀ ਨਾਲ ਰੱਦ ਕੀਤਾ। ਉਨ੍ਹਾਂ ਨੇ ਕਿਹਾ ਜੇ ਰਣਜੀਤ ਇੰਨਾ ਖ਼ਤਰਨਾਕ ਏਜੰਟ ਸੀ ਤਾਂ ਉਸਨੂੰ ਕੇਵਲ ਇੱਕ ਪੁਲਿਸ ਜੀਪ ਵਿੱਚ ਬਿਨਾਂ ਪੂਰੇ ਬਲ ਦੇ ਅਤੇ ਉਹ ਵੀ ਅੱਧੀ ਰਾਤ ਨੂੰ ਕਿਉਂ ਲਿਜਾਇਆ ਜਾ ਰਿਹਾ ਸੀ ? ਖਹਿਰਾ ਨੇ ਕਿਹਾ ਕਿ ਪੰਜਾਬ ਨੂੰ ਹਕੀਕਤ ਵਿੱਚ ਇੱਕ ਪੁਲਿਸ ਸਟੇਟ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਜੇ ਪੁਲਿਸ ਨੂੰ ਬੇਰੋਕ ਟੋਕ ਅਦਾਲਤੀ ਕਾਰਵਾਈ ਤੋਂ ਬਿਨਾਂ ਹੱਤਿਆ ਕਰਨ ਦੀ ਛੂਟ ਹੈ, ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਅਪਰਾਧਿਕ ਨਿਆਂਏ ਪ੍ਰਣਾਲੀ, ਅਦਾਲਤਾਂ ਨੂੰ ਹੀ ਬੰਦ ਕਰ ਦੇਵੇ ਅਤੇ ਪੁਲਿਸ ਨੂੰ ਇਹ ਅਧਿਕਾਰ ਦੇ ਦੇਵੇ ਕਿ ਕੌਣ ਜਿਊਂਦਾ ਰਹੇਗਾ ਅਤੇ ਕੌਣ ਮਰੇਗਾ। ਖਹਿਰਾ ਨੇ ਭਾਰਤ ਦੇ ਮੁੱਖ ਜੱਜ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਅਪੀਲ ਕੀਤੀ ਕਿ ਉਹ ਇਸ ਹੌਂਸਲਾ ਹਿਲਾ ਦੇਣ ਵਾਲੀ ਘਟਨਾ ਦਾ ਸੁਓ ਮੋਟੋ ਸੰਜਾਨ ਲੈਣ ਅਤੇ ਪੀੜਤ ਪਰਿਵਾਰ ਨੂੰ ਇੰਨਸਾਫ਼ ਦਿਵਾਉਣ ਲਈ ਹਾਈ ਕੋਰਟ ਦੇ ਕਿਸੇ ਬੈਠੇ ਜਾਂ ਸੇਵਾਮੁਕਤ ਜੱਜ ਜਾਂ ਸੀਬੀਆਈ ਵੱਲੋਂ ਨਿਰਪੱਖ ਜਾਂਚ ਦੇ ਹੁਕਮ ਜਾਰੀ ਕਰਨ।

Gee98 Ads

Leave a Reply

Your email address will not be published. Required fields are marked *

error: Content is protected !!