– ਪਤਨੀ ਨੂੰ ਪਤੀ ਦੇ ਹੋਟਲ ਚ ਰੋਕਣ ਦੇ ਸਬੂਤ ਅਤੇ ਕਾਲ ਡਿਟੇਲ ਕਢਵਾਉਣ ਦੀ ਆਗਿਆ
ਚੰਡੀਗੜ੍ਹ,5 ਜੁਲਾਈ, Gee98 news service-
-ਸੁਪਰੀਮ ਕੋਰਟ ਨੇ ਵਿਆਹ ਤੋਂ ਬਾਹਰਲੇ ਸਬੰਧਾਂ ਬਾਰੇ ਇੱਕ ਮਹੱਤਵਪੂਰਨ ਤੇ ਭਾਵਪੂਰਨ ਫੈਸਲਾ ਸੁਣਾਉਂਦੇ ਹੋਏ ਕਿਹਾ ਹੈ ਕਿ ”ਤਲਾਕ ਦੇ ਮਾਮਲੇ ‘ਚ ਵਿਆਹ ਤੋਂ ਬਾਹਰੀ ਨਾਜਾਇਜ਼ ਸਬੰਧ (ਵਿਭਚਾਰ) ਰੱਖਣ ਵਾਲੇ ਪਤੀ ਨੂੰ ਆਪਣੀ ਬੇਵਫਾਈ ਲੁਕਾਉਣ ਲਈ ‘ਨਿੱਜਤਾ ਦੇ ਅਧਿਕਾਰ’ (ਰਾਈਟ ਟੂ ਪ੍ਰਾਈਵੇਸੀ) ਦਾ ਸਹਾਰਾ ਨਹੀਂ ਮਿਲੇਗਾ”। ਭਾਵ ਕਿ ਜੇਕਰ ਕਿਸੇ ਬੇਵਫ਼ਾ ਪਤੀ ਦੀ ਪਤਨੀ ਆਪਣੇ ਪਤੀ ਦੀ ਬੇਵਫਾਈ ਸਿੱਧ ਕਰਨ ਲਈ ਅਧਿਕਾਰਤ ਤੌਰ ‘ਤੇ ਸਬੂਤ ਪ੍ਰਾਪਤ ਕਰਨਾ ਚਾਹੇ ਤਾਂ ਪਤੀ ਨਿੱਜਤਾ ਦੇ ਅਧਿਕਾਰ ਜਾਂ ਰਾਈਟ ਟੂ ਪ੍ਰਾਈਵੇਟਸੀ ਦੀ ਦੁਹਾਈ ਨਹੀਂ ਦੇ ਸਕਦਾ। ਸੁਪਰੀਮ ਕੋਰਟ ਦੇ ਜਸਟਿਸ ਮਨਮੋਹਨ ਸਿੰਘ ਤੇ ਜਸਟਿਸ ਕੇ ਵਿਨੋਦ ਚੰਦਰਨ ਦੀ ਬੈਂਚ ਨੇ ਦਿੱਲੀ ਹਾਈਕੋਰਟ ਦੇ ਉਸ ਫੈਸਲੇ ਨੂੰ ਬਰਕਰਾਰ ਰੱਖਿਆ ਹੈ, ਜਿਸ ‘ਚ ਇਕ ਪੀੜਤ ਪਤਨੀ ਨੂੰ ਆਪਣੇ ਪਤੀ ਦੀ ਬੇਵਫ਼ਾਈ ਸਾਬਤ ਕਰਨ ਲਈ ਹੋਟਲ ਬੁਕਿੰਗ ਅਤੇ ਪਤੀ ਦੀ ਮੋਬਾਈਲ ਕਾਲ ਡਿਟੇਲਸ ਵਰਗੇ ਪੱਕੇ ਸਬੂਤ ਜੁਟਾਉਣ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਬਾਰੇ ਦਿੱਲੀ ਹਾਈਕੋਰਟ ਨੇ 10 ਮਈ 2023 ਨੂੰ ਕਿਹਾ ਸੀ ਕਿ ਕਾਨੂੰਨ ਵਿਭਚਾਰ ਨੂੰ ਤਲਾਕ ਦਾ ਜਾਇਜ਼ ਆਧਾਰ ਮੰਨਦਾ ਹੈ,ਇਸ ਲਈ ਵਿਆਹ ਤੋਂ ਇਲਾਵਾ ਬਾਹਰੀ ਸਰੀਰਕ ਸਬੰਧ ਬਣਾਉਣ ਵਾਲੇ ਕਿਸੇ ਵਿਆਹੁਤਾ ਮਰਦ ਦੀ ਮਦਦ ਲਈ ਅਦਾਲਤਾਂ “ਨਿੱਜਤਾ ਦੇ ਅਧਿਕਾਰ” ਦੇ ਨਾਂ ‘ਤੇ ਕੋਈ ਰਾਹਤ ਨਹੀਂ ਦੇ ਸਕਦੀਆਂ। ਹਾਈਕੋਰਟ ਨੇ ਕਿਹਾ ਸੀ ਕਿ “ਵਿਭਚਾਰ ਦੇ ਸਿੱਧੇ ਤੇ ਪੱਕੇ ਸਬੂਤ ਮਿਲਣਾ ਬੇਹੱਦ ਦੁਰਲੱਭ ਹੁੰਦਾ ਹੈ, ਅਜਿਹੇ ‘ਚ ਜੇ ਕੋਈ ਪਤਨੀ ਆਪਣੇ ਪਤੀ ਦੇ ਧੋਖੇ ਨੂੰ ਸਾਬਤ ਕਰਨ ਲਈ ਕੋਰਟ ਤੋਂ ਮਦਦ ਮੰਗਦੀ ਹੈ ਤਾਂ ਨਿਆਂ ਦੇ ਹਿੱਤ ‘ਚ ਅਦਾਲਤ ਨੂੰ ਉਸ ਦਾ ਸਾਥ ਦੇਣਾ ਹੀ ਪਵੇਗਾ”। ਇਹ ਪੂਰਾ ਮਾਮਲਾ ਇਕ ਅਜਿਹੀ ਲਾਚਾਰ ਪਤਨੀ ਦੀ ਪਟੀਸ਼ਨ ਨਾਲ ਜੁੜਿਆ ਹੈ, ਜਿਸਦਾ ਪਤੀ ਦੂਜੀ ਔਰਤ ਨਾਲ ਹੋਟਲ ‘ਚ ਰੁਕਿਆ ਸੀ ਤੇ ਉਸ ਨਾਜਾਇਜ਼ ਸਬੰਧ ਤੋਂ ਉਸ ਦੀ ਇਕ ਬੇਟੀ ਵੀ ਹੈ। ਜਦੋਂ ਪਤਨੀ ਆਪਣੇ ਪਤੀ ਦੀ ਬੇਵਫਾਈ ਨੂੰ ਅਦਾਲਤ ਵਿੱਚ ਲੈ ਕੇ ਗਈ ਤਾਂ ਫੈਮਲੀ ਕੋਰਟ ਨੇ ਹੋਟਲ ਦੇ ਕਮਰੇ ਦੀ ਰਿਜ਼ਰਵੇਸ਼ਨ, ਭੁਗਤਾਨ ਤੇ ਆਈਡੀ ਪਰੂਫ਼ ਨੂੰ ਸੀਲਬੰਦ ਲਿਫ਼ਾਫ਼ੇ ‘ਚ ਮੰਗਾਉਣ ਦਾ ਹੁਕਮ ਦਿੱਤਾ ਸੀ, ਆਖਰ ਇਹ ਮਾਮਲਾ ਹਾਈਕੋਰਟ ਹੁੰਦਾ ਹੋਇਆ ਸੁਪਰੀਮ ਕੋਰਟ ਪੁੱਜਿਆ ਤੇ ਹੁਣ ਸੁਪਰੀਮ ਕੋਰਟ ਨੇ ਇਸ ਮਾਮਲੇ ‘ਚ ਹੇਠਲੀਆਂ ਅਦਾਲਤਾਂ ਦੇ ਫੈਸਲੇ ਨੂੰ ਸਹੀ ਮੰਨਿਆ ਹੈ।