ਭਗਵੰਤ ਮਾਨ ਨੂੰ ਆਪਣੇ ਵਿਧਾਇਕਾਂ ਉਪਰ ਹੀ ਭਰੋਸਾ ਨਹੀਂ ਰਿਹਾ- ਭਾਜਪਾ
ਬਰਨਾਲਾ, 4 ਅਕਤੂਬਰ (ਨਿਰਮਲ ਸਿੰਘ ਪੰਡੋਰੀ)-
ਭਾਰਤੀ ਜਨਤਾ ਪਾਰਟੀ ਨੇ ਭਗਵੰਤ ਮਾਨ ਸਰਕਾਰ ਵੱਲੋਂ ਭਰੋਸਗੀ ਮਤਾ ਪੇਸ਼ ਕਰਨ ਨੂੰ ਸਿਰੇ ਦੀ ਡਰਾਮੇਬਾਜ਼ੀ ਕਰਾਰ ਦਿੰਦੇ ਹੋਏ ਵਿਧਾਨ ਸਭਾ ਦੇ ਸਪੀਕਰ ਅਤੇ ਮੁੱਖ ਮੰਤਰੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸੰਵਿਧਾਨ ਦੇ ਨਿਰਮਾਤਾ ਡਾ ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੇ ਨਜ਼ਦੀਕ ਭਾਜਪਾ ਦੀ ਜ਼ਿਲ੍ਹਾ ਇਕਾਈ ਨੇ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਦਿੰਦੇ ਹੋਏ ਮਾਨ ਸਰਕਾਰ ਵੱਲੋਂ ਪੇਸ਼ ਭਰੋਸਗੀ ਮਤੇ ਨੂੰ ਸੰਵਿਧਾਨ ਦੀ ਉਲੰਘਣਾ ਅਤੇ ਡਾ. ਅੰਬੇਡਕਰ ਦੀ ਵਿਚਾਰਧਾਰਾ ਦਾ ਅਪਮਾਨ ਕਰਾਰ ਦਿੱਤਾ। ਇਸ ਮੌਕੇ ਗੱਲਬਾਤ ਕਰਦੇ ਹੋਏ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ , ਸੀਨੀਅਰ ਆਗੂ ਧੀਰਜ ਕੁਮਾਰ ਦੱਧਾਹੂਰ , ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ , ਰਾਜਿੰਦਰ ਉੱਪਲ ਅਤੇ ਯੁਵਾ ਮੋਰਚਾ ਦੇ ਆਗੂ ਲਵਲੀਨ ਭਾਰਦਵਾਜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਰਾਜਪਾਲ ਪੰਜਾਬ ਨੂੰ ਝੂਠ ਬੋਲ ਕੇ ਪਿਛਲੇ ਦਰਵਾਜ਼ੇ ਰਾਹੀਂ ਵਿਧਾਨ ਸਭਾ ‘ਚ ਬੇਭਰੋਸਗੀ ਮਤਾ ਲੈ ਕੇ ਆਏ ਜੋ ਰਾਜਪਾਲ ਦੇ ਅਹੁਦੇ ਦੀ ਵੀ ਤੌਹੀਨ ਹੈ। ਭਾਜਪਾ ਆਗੂਆਂ ਨੇ ਟਿੱਪਣੀ ਕੀਤੀ ਕਿ ਅਸਲ ਵਿੱਚ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਆਪਣੇ ਵਿਧਾਇਕਾਂ ਉਪਰ ਭਰੋਸਾ ਹੀ ਨਹੀਂ ਹੈ ਕਿਉਂਕਿ ਸੂਬੇ ਦੀ ਅਫ਼ਸਰਸ਼ਾਹੀ ਉੱਪਰ ਸਰਕਾਰ ਦਾ ਕੋਈ ਕੰਟਰੋਲ ਨਹੀਂ ਅਤੇ ਅਫਸਰਸ਼ਾਹੀ ਬੇਲਗਾਮ ਹੋ ਚੁੱਕੀ ਹੈ ਜਿਸ ਕਰਕੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਕੰਮ ਵੀ ਨਹੀਂ ਹੋ ਰਹੇ। ਭਾਜਪਾ ਆਗੂਆਂ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅੰਦਰ ਆਪਣੀ ਹੀ ਸਰਕਾਰ ਅਤੇ ਪਾਰਟੀ ਖ਼ਿਲਾਫ਼ ਬਗ਼ਾਵਤ ਦੀ ਚੰਗਿਆੜੀ ਸੁਲਗ ਰਹੀ ਹੈ ਜਿਸ ਦੀ ਭਿਣਕ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਵੀ ਲੱਗ ਚੁੱਕੀ ਹੈ । ਇਸ ਮੌਕੇ ਭਾਜਪਾ ਦੇ ਮਹਿਲਾ ਮੋਰਚਾ ਦੀ ਆਗੂ ਰਾਣੀ ਕੌਰ , ਧਰਮ ਸਿੰਘ ਫੌਜੀ, ਗੁਰਦਰਸ਼ਨ ਸਿੰਘ ਬਰਾੜ, ਹਰਬਖਸ਼ੀਸ਼ ਸਿੰਘ ਗੋਨੀ, ਮੋਨੂੰ ਗੋਇਲ, ਗੁਰਚਰਨ ਸਿੰਘ ਠੀਕਰੀਵਾਲ, ਹਰਦੇਵ ਸਿੰਘ ਠੀਕਰੀਵਾਲ, ਕਿਸਾਨ ਮੋਰਚਾ ਦੇ ਆਗੂ ਨਰਿੰਦਰਪਾਲ ਸਿੰਘ, ਐਸਸੀ ਮੋਰਚਾ ਦੇ ਆਗੂ ਰਾਜੇਸ਼, ਸ਼ਿਵ ਚੰਦ ਸਿੰਗਲਾ, ਗੌਰਵ ਗੋਇਲ ਅਤੇ ਕੁਲਦੀਪ ਮਿੱਤਲ ਆਦਿ ਵੀ ਹਾਜ਼ਰ ਸਨ








