ਬਰਨਾਲਾ, 18 ਨਵੰਬਰ (ਨਿਰਮਲ ਸਿੰਘ ਪੰਡੋਰੀ) :
ਪੰਜਾਬ ਦੀ ਸਾਬਕਾ ਮੰਤਰੀ ਅਤੇ ਦੁਰਗਿਆਨਾ ਮੰਦਰ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਪ੍ਰੋ. ਲਕਸ਼ਮੀ ਕਾਂਤ ਚਾਵਲਾ ਨੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮਿ੍ਤਪਾਲ ਸਿੰਘ ਨੂੰ ਅਜੀਬ ਚਣੌਤੀ ਦਿੱਤੀ ਹੈ। ਇੱਕ ਵੀਡੀਓ ਜਾਰੀ ਕਰਕੇ ਪ੍ਰੋ. ਚਾਵਲਾ ਨੇ ਅੰਮਿ੍ਤਪਾਲ ਸਿੰਘ ਨੂੰ ਚੈਲਿੰਜ ਕੀਤਾ ਹੈ ਕਿ ਉਹ ਪੰਜਾਬ ਨਾਲ ਸੰਬੰਧਿਤ ਤਿੰਨ ਸਵਾਲਾਂ ਦੇ ਜਵਾਬ ਦੇਵੇ। ਪ੍ਰੋ. ਚਾਵਲਾ ਨੇ ਕਿਹਾ ਕਿ ਅੰਮਿ੍ਤਪਾਲ ਸਿੰਘ ਅੰਮਿ੍ਤਸਰ ਆ ਕੇ ਮੀਡੀਆ ਦੀ ਹਾਜ਼ਰੀ ’ਚ ਉਸ ਦੇ ਤਿੰਨ ਸਵਾਲਾਂ ਦੇ ਜਵਾਬ ਦੇਵੇ, ਜੇਕਰ ਉਹ ਜਵਾਬ ਨਾ ਦੇ ਸਕਿਆ ਤਾਂ ਉਸ ਨੂੰ ਪੰਜਾਬ ਛੱਡ ਕੇ ਵਾਪਸ ਦੁਬਈ ਜਾਣਾ ਪਵੇਗਾ। ਪ੍ਰੋ. ਲਕਸ਼ਮੀ ਕਾਂਤ ਚਾਵਲਾ ਨੇ ਇਹ ਵੀ ਦਾਅਵਾ ਕੀਤਾ ਜੇਕਰ ਅੰਮਿ੍ਤਪਾਲ ਸਿੰਘ ਉਸ ਦੇ ਸਵਾਲਾਂ ਦੇ ਠੀਕ ਜਵਾਬ ਦੇ ਦੇਵੇਗਾ ਤਾਂ ਉਹ ਅੰਮਿ੍ਤਪਾਲ ਸਿੰਘ ਨੂੰ ਇੱਕ ਵਿਦਵਾਨ ਦਾ ਰੁਤਬਾ ਦੇਵੇਗੀ ਅਤੇ ਜੋ ਵੀ ਅੰਮਿ੍ਤਪਾਲ ਸਿੰਘ ਕਹਿ ਰਿਹਾ ਹੈ ,ਉਹ ਸੱਚ ਮੰਨ ਲਵੇਗੀ । ਪੋ੍. ਚਾਵਲਾ ਦੀ ਵੀਡੀਓ ਅਨੁਸਾਰ ਅਸਲ ਵਿੱਚ ਉਸ ਨੇ ਅੰਮਿ੍ਤਪਾਲ ਸਿੰਘ ੳੁੱਪਰ ਕਿਸੇ ਭਾਰਤ ਵਿਰੋਧੀ ਏਜੰਸੀ ਦਾ ਏਜੰਟ ਹੋਣ ਦੇ ਦੋਸ਼ ਲਗਾਏ ਹਨ। ਪੋ੍. ਚਾਵਲਾ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦੀ ਰਾਜਨੀਤੀ ’ਚ ਇਹ ਚਰਚਾ ਵੀ ਛਿੜੀ ਹੈ ਕਿ ਕਿਸੇ ਸੀਨੀਅਰ ਆਗੂ ਨੂੰ ਇਸ ਤਰਾਂ ਦੀਆਂ ਚਣੌਤੀਆਂ ਨਹੀਂ ਦੇਣੀਆਂ ਚਾਹੀਦੀਆਂ ਜਿਨਾਂ ਨਾਲ ਕਿਸੇ ਤਰਾਂ ਦਾ ਵਿਵਾਦ ਪੈਦਾ ਹੁੰਦਾ ਹੋਵੇ। ਕੁਝ ਬੁੱਧੀਜੀਵੀਆਂ ਨੇ ਪੋ੍ਰ. ਚਾਵਲਾ ਦੀ ਅੰਮਿ੍ਤਪਾਲ ਸਿੰਘ ਨੂੰ ਦਿੱਤੀ ਚਣੌਤੀ ਉੱਪਰ ਇਸ ਕਰਕੇ ਵੀ ਹੈਰਾਨੀ ਪ੍ਰਗਟ ਕੀਤੀ ਹੈ ਕਿ ਉਹ ਹਿੰਦੂ ਧਰਮ ਦੇ ਵਿਸ਼ਵ ਭਰ ਵਿੱਚ ਪ੍ਰਸਿੱਧ ਇੱਕ ਅਸਥਾਨ ਦੀ ਕਮੇਟੀ ਦੀ ਮੁਖੀ ਹੈ, ਇਸ ਲਈ ਉਸ ਨੂੰ ਭਾਈਚਾਰਕ ਏਕਤਾ ਅਤੇ ਸਦਭਾਵਨਾ ਵਾਲੀ ਸੋਚ ਰੱਖਣੀ ਚਾਹੀਦੀ ਹੈ।









