ਭਾਜਪਾ ਦੀ ਸੰਸਦ ਕੰਗਨਾ ਰਣੌਤ ਨੇ ਪਾਰਟੀ ਲਈ ਸਿਰਦਰਦੀ ਖੜੀ ਕੀਤੀ ਹੋਈ ਹੈ। ਕੰਗਨਾ ਰੋਜ਼ ਕੋਈ ਨਾ ਕੋਈ ਅਜਿਹਾ ਬਿਆਨ ਦੇ ਦਿੰਦੀ ਹੈ ਜਿਸ ਨਾਲ ਵਿਵਾਦ ਖੜਾ ਹੋ ਜਾਂਦਾ ਇਹ ਅਤੇ ਭਾਜਪਾ ਸਿੱਧੇ ਤੌਰ ‘ਤੇ ਨਿਸ਼ਾਨੇ ‘ਤੇ ਆ ਜਾਂਦੀ ਹੈ। ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਸੁਰਖੀਆਂ ‘ਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਅਤੇ ਭਾਜਪਾ ਸੰਸਦ ਕੰਗਨਾ ਰਣੌਤ ਨੇ ਇਕ ਵਾਰ ਫਿਰ ਇਤਰਾਜ਼ਯੋਗ ਬਿਆਨ ਦਿੱਤਾ ਹੈ। ਕੰਗਨਾ ਨੇ ਸਿੱਧੇ ਤੌਰ ‘ਤੇ ਨਾਂ ਲਏ ਬਿਨਾਂ ਹਿਮਾਚਲ ਪ੍ਰਦੇਸ਼ ‘ਚ ਫੈਲੇ ਨਸ਼ਿਆਂ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਕੰਗਨਾ ਰਣੌਤ ਨੇ ਕਿਹਾ ਕਿ ਸਾਡੇ ਅੱਗੇ ਅਤੇ ਪਿੱਛੇ ਰਾਜਾਂ ਤੋਂ ਇੱਥੇ ਨਵੀਆਂ ਚੀਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ, ਚਾਹੇ ਉਹ ਚਿੱਟਾ, ਹਿੰਸਾ ਜਾਂ ਕੁਝ ਵੀ ਹੋਵੇ। ਤੁਸੀਂ ਜਾਣਦੇ ਹੋ ਕਿ ਮੈਂ ਕਿਸ ਰਾਜ ਦੀ ਗੱਲ ਕਰ ਰਹੀ ਹਾਂ। ਇਨ੍ਹਾਂ ਦਾ ਸੁਭਾਅ ਬਹੁਤ ਗਰਮ ਹੁੰਦਾ ਹੈ ਅਤੇ ਉਹ ਬਹੁਤ ਹੁਸ਼ਿਆਰ ਹੁੰਦੇ ਹਨ। ਉਹ ਨਸ਼ੇ ਕਰਦੇ ਹਨ, ਸ਼ਰਾਬ ਪੀਂਦੇ ਹਨ ਅਤੇ ਰੌਲਾ ਪਾਉਂਦੇ ਹਨ। ਕੰਗਨਾ ਨੇ ਕਿਹਾ ਕਿ ਮੈਂ ਹਿਮਾਚਲ ਦੇ ਬੱਚਿਆਂ ਨੂੰ ਅਪੀਲ ਕਰਦੀ ਹਾਂ ਕਿ ਉਹ ਇਨ੍ਹਾਂ ਦੇ ਪ੍ਰਭਾਵ ‘ਚ ਨਾ ਆਉਣ। ਅਸੀਂ ਉਨ੍ਹਾਂ ਤੋਂ ਕੁਝ ਨਹੀਂ ਸਿੱਖਿਆ, ਉਨ੍ਹਾਂ ਨੇ ਸਾਡੀ ਜਵਾਨੀ ਬਰਬਾਦ ਕਰ ਦਿੱਤੀ ਹੈ। ਕੰਗਨਾ ਦੇ ਵਿਵਾਦਤ ਬਿਆਨਾਂ ਤੋਂ ਪੰਜਾਬ ਭਾਜਪਾ ਦੇ ਆਗੂ ਔਖ ਮਹਿਸੂਸ ਕਰ ਰਹੇ ਹਨ। ਭਾਜਪਾ ਆਗੂ ਹਰਜੀਤ ਗਰੇਵਾਲ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਮੰਡੀ ਦੇ ਲੋਕਾਂ ਨੇ ਕੰਗਨਾ ਨੂੰ ਜਿਤਾ ਕੇ ਬਹੁਤ ਵੱਡੀ ਗਲਤੀ ਕੀਤੀ ਹੈ। ਉਹਨਾਂ ਕਿਹਾ ਕਿ ਕੰਗਨਾ ਰੋਜ਼ ਪਾਰਟੀ ਵੀ ਨਵੀਆਂ ਪ੍ਰੇਸ਼ਾਨੀਆਂ ਖੜ੍ਹੀਆਂ ਕਰ ਰਹੀ ਹੈ ਪਰ ਕੰਗਨਾ ਰਣੌਤ ਕਿਸੇ ਦੀ ਪਰਵਾਹ ਨਹੀਂ ਕਰ ਰਹੀ ਹੈ ਤੇ ਰੋਜ਼ ਕੋਈ ਨਾ ਕੋਈ ਸਿਆਪਾ ਖੜਾ ਕਰੀ ਰੱਖਦੀ ਹੈ।










