Gee 98News

ਗ਼ਲਤ ਸਕੈਨ ਰਿਪੋਰਟ ਦੇਣ ਵਾਲੇ ਸਕੈਨ ਸੈਂਟਰ ਨੂੰ ਅਦਾਲਤ ਨੇ ਲਗਾਇਆ 16.50 ਲੱਖ ਦਾ ਜੁਰਮਾਨਾ

-ਗਰਭ ਦੌਰਾਨ ਬੱਚੇ ਦੀ ਸਰੀਰਕ ਸਥਿਤੀ ਬਾਰੇ ਗਲਤ ਸਕੈਨ ਰਿਪੋਰਟ ਦੇਣ ਵਾਲੇ ਸਕੈਨ ਸੈਂਟਰ ਨੂੰ ਫਰੀਦਕੋਟ ਦੀ ਖਪਤਕਾਰ ਅਦਾਲਤ ਨੇ 16.50 ਲੱਖ ਦਾ ਜੁਰਮਾਨਾ ਪੀੜਤ ਨੂੰ ਦੇਣ ਦਾ ਹੁਕਮ ਸੁਣਾਇਆ ਹੈ। ‌ ਪ੍ਰਾਪਤ ਵੇਰਵੇ ਅਨੁਸਾਰ ਸਾਲ 2018 ਵਿੱਚ ਕੋਟਕਪੂਰਾ ਦੇ ਇੱਕ ਵਿਅਕਤੀ ਗਗਨ ਅਰੋੜਾ ਨੇ ਆਪਣੀ ਗਰਭਵਤੀ ਪਤਨੀ ਦੀ ਡਾਕਟਰਾਂ ਦੀ ਸਲਾਹ ਅਨੁਸਾਰ ਕੋਟਕਪੂਰਾ ਦੇ ਜਸਬੀਰ ਸਕੈਨ ਸੈਂਟਰ ‘ਚ ਡਾਕਟਰ ਜਸਬੀਰ ਸਿੰਘ ਤੋਂ ਸਕੈਨ ਕਰਵਾਈ ਤਾਂ ਸਕੈਨ ਰਿਪੋਰਟ ਅਨੁਸਾਰ ਬੱਚਾ ਬਿਲਕੁਲ ਸਹੀ ਦੱਸਿਆ ਗਿਆ। ਗਗਨ ਅਰੋੜਾ ਨੇ ਆਪਣੀ ਗਰਭਵਤੀ ਪਤਨੀ ਦੀ ਇੱਕ ਵਾਰ ਨਹੀਂ ਸਗੋਂ ਉਕਤ ਸਕੈਨ ਸੈਂਟਰ ਤੋਂ ਵੱਖ-ਵੱਖ ਸਮੇਂ ‘ਤੇ ਤਿੰਨ ਵਾਰ ਸਕੈਨ ਕਰਵਾਈ ਅਤੇ ਹਰ ਵਾਰੀ ਡਾਕਟਰ ਜਸਬੀਰ ਸਿੰਘ ਨੇ ਬੱਚਾ ਸਹੀ ਹੋਣ ਦੀ ਰਿਪੋਰਟ ਦਿੱਤੀ ਅਤੇ ਲੈਵਲ ਟੂ ਦੀ ਰਿਪੋਰਟ, ਜਿਸ ਵਿੱਚ ਬੱਚੇ ਦੇ ਹਰ ਇੱਕ ਅੰਗ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ, ਵਿੱਚ ਵੀ ਬੱਚਾ ਬਿਲਕੁਲ ਤੰਦਰੁਸਤ ਅਤੇ ਸਾਰੇ ਅੰਗ ਠੀਕ ਠਾਕ ਹੋਣ ਬਾਰੇ ਦੱਸਿਆ ਗਿਆ ਪ੍ਰੰਤੂ ਜਦੋਂ 7 ਅਪ੍ਰੈਲ 2018 ‘ਚ ਬੱਚੇ ਦਾ ਜਨਮ ਹੋਇਆ ਤਾਂ ਸਾਹਮਣੇ ਆਇਆ ਕਿ ਬੱਚੇ ਦੇ ਖੱਬੇ ਹੱਥ ਦੀਆਂ ਚਾਰ ਉਂਗਲਾਂ ਨਹੀਂ ਹਨ ਜਿਸ ਤੋਂ ਬਾਅਦ ਪਰਿਵਾਰ ਨੂੰ ਕਾਫੀ ਸਦਮਾ ਲੱਗਿਆ। ਇਸ ਤੋਂ ਬਾਅਦ ਗਗਨ ਅਰੋੜਾ ਨੇ ਫਰੀਦਕੋਟ ਦੇ ਸਿਵਲ ਸਰਜਨ ਨੂੰ ਉਕਤ ਸਕੈਨ ਸੈਂਟਰ ਦੇ ਖ਼ਿਲਾਫ਼ ਗਲਤ ਰਿਪੋਰਟ ਦੇਣ ਲਈ ਸ਼ਿਕਾਇਤ ਕੀਤੀ ਪ੍ਰੰਤੂ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਤੋਂ ਬਾਅਦ ਪੀੜਤ ਗਗਨ ਅਰੋੜਾ ਨੇ ਖਪਤਕਾਰ ਅਦਾਲਤ ਵਿੱਚ ਕੇਸ ਕੀਤਾ, ਜਿੱਥੇ ਕਰੀਬ ਸੱਤ ਸਾਲ ਦੀ ਸੁਣਵਾਈ ਦੌਰਾਨ ਖਪਤਕਾਰ ਅਦਾਲਤ ਨੇ ਜਸਬੀਰ ਸਕੈਨ ਸੈਂਟਰ ਦੇ ਮਾਲਕ ਡਾਕਟਰ ਜਸਬੀਰ ਸਿੰਘ ਨੂੰ 16.50 ਲੱਖ ਰੁਪਏ ਦਾ ਜੁਰਮਾਨਾ ਪੀੜ੍ਹਤ ਨੂੰ ਦੇਣ ਦਾ ਹੁਕਮ ਸੁਣਾਇਆ।

error: Content is protected !!