ਚੰਡੀਗੜ੍ਹ,25 ਜਨਵਰੀ, Gee98 news service
-ਅਮਰੀਕਾ ਬੈਠੇ ਖਾਲਿਸਤਾਨੀ ਪੱਖੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਧਮਕੀਆਂ ਦੇਣ ਤੋਂ ਬਾਅਦ ਪੰਜਾਬ ਪੁਲਿਸ ਨੇ ਵੱਡੀ ਦਹਾੜ ਮਾਰੀ ਹੈ। ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ” ਪੰਨੂ ਨੂੰ ਫੜ ਕੇ ਪਟਿਆਲਾ ਜੇਲ੍ਹ ਅੰਦਰ ਬੰਦ ਕੀਤਾ ਜਾਵੇਗਾ, ਉਹ ਭਾਰਤੀ ਕਾਨੂੰਨ ਦਾ ਭਗੌੜਾ ਹੈ”। ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਗਣਤੰਤਰ ਦਿਵਸ ਮੌਕੇ ਪਟਿਆਲਾ ਵਿਖੇ ਝੰਡਾ ਲਹਿਰਾਉਣਗੇ, ਜਿਸ ਸਬੰਧੀ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ ਕਿਉਂਕਿ ਬੀਤੇ ਦਿਨੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ। DIG ਸਿੱਧੂ ਨੇ ਪੰਨੂ ਬਾਰੇ ਕਿਹਾ ਕਿ “ਅਮਰੀਕਾ ਦੇ ਵਿੱਚ ਬੈਠ ਕੇ ਗਿੱਦੜ ਧਮਕੀਆਂ ਦਿੰਦਾ,ਉਹਦਾ ਮੇਨ ਮਕਸਦ ਆਪਣੇ ਯੂਥ ਨੂੰ ਗੁੰਮਰਾਹ ਕਰਨਾ, ਉਨ੍ਹਾਂ ਨੂੰ ਲਾਲਚ ਦੇਣਾ ਹੈ, ਪਰ ਉਹਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੈ ਕਿ ਇਹ ਪਟਿਆਲਾ ਸ਼ਹਿਰ, ਜਿਸ ਵਿੱਚ ਲੋਕ ਸਵੇਰੇ ਜੇ ਦੁੱਖ ਨਿਵਾਰਨ ਜਾਂਦੇ ਹਨ ਤਾਂ, ਜਾਂਦੇ ਉਹ ਕਾਲੀ ਮਾਤਾ ਮੰਦਰ ਵੀ ਮੱਥਾ ਟੇਕ ਕੇ ਜਾਂਦੇ ਆ ਤੇ ਜਾਂ ਕਾਲੀ ਮਾਤਾ ਮੰਦਿਰ ਜਾਂਦੇ ਆ ਤਾਂ ਮੱਥਾ ਟੇਕ ਕੇ ਦੁੱਖ ਨਿਵਾਰਨ ਸਾਹਿਬ ਵੀ ਮੱਥਾ ਟੇਕ ਕੇ ਜਾਂਦੇ ਆ। ਸਿੱਧੂ ਨੇ ਕਿਹਾ ਕਿ ਇਹਨਾਂ ਦਾ ਇੱਕੋ ਮਕਸਦ ਹੁੰਦਾ ਲੋਕਾਂ ‘ਚ ਡਰ ਪੈਦਾ ਕਰਨਾ ਤੇ ਉਹ (ਪੰਨੂੰ) ਡਰ ਦਾ ਫ਼ਾਇਦਾ ਚੁੱਕ ਕੇ ਵਿਦੇਸ਼ ਦੇ ਵਿੱਚ ਪੈਸਾ ਇਕੱਠਾ ਕਰਦਾ। ਡੀਆਈਜੀ ਸਿੱਧੂ ਨੇ ਕਿਹਾ ਕਿ ਪੰਨੂ ਨੌਜਵਾਨਾਂ ਨੂੰ ਇਮੀਗਰੇਸ਼ਨ ਦਾ ਲਾਲਚ ਦੇ ਕੇ ਜਾਂ ਫੰਡ ਦੇਣ ਦਾ ਲਾਲਚ ਦੇ ਕੇ ਕੰਧਾਂ ਉੱਪਰ ਨਾਰੇ ਲਿਖਵਾ ਰਿਹਾ ਹੈ। ਉਹਨਾਂ ਦੱਸਿਆ ਕਿ ਅਜਿਹੇ ਕੇਸਾਂ ਵਿੱਚ ਜਿਹੜੇ ਨੌਜਵਾਨਾਂ ਨੂੰ ਪੰਜਾਬ ਪੁਲਿਸ ਨੇ ਫੜਿਆ ਉਹਨਾਂ ਦੱਸਿਆ ਕਿ ਉਹਨਾਂ ਨੂੰ ਅਮਰੀਕਾ ਲਿਜਾਣ ਦਾ ਵਾਅਦਾ ਕੀਤਾ ਗਿਆ ਸੀ। ਮਨਦੀਪ ਸਿੱਧੂ ਨੇ ਦਾਅਵਾ ਠੋਕਿਆ ਕਿ “ਥੋੜੇ ਚਿਰ ਨੂੰ ਇਹਨੂੰ (ਪੰਨੂੰ) ਅਸੀਂ ਫੜ੍ਹ ਕੇ ਪਟਿਆਲਾ ਜੇਲ੍ਹ ਵਿੱਚ ਬੰਦ ਕਰਾਂਗੇ, ਕਿਉਂਕਿ ਅਮਰੀਕਾ ਦੇ ਵਿੱਚ ਸਖ਼ਤੀ ਹੋ ਰਹੀ ਹੈ। ਇਮੀਗਰੈਂਟਸ ਨੂੰ ਵਾਪਸ ਭੇਜਣ ਦਾ ਕੰਮ ਆਰੰਭ ਕਰ ਦਿੱਤਾ ਗਿਆ ਹੈ ਅਤੇ ਇਹ (ਪੰਨੂੰ) ਪ੍ਰੈਕਟੀਕਲੀ ਲੋਕਾਂ ਨੂੰ ਇਮੀਗਰੇਸ਼ਨ ਕਰਵਾਉਣ ਜਾਂ ਮੋਟਾ ਫੰਡ ਦੇਣ ਦਾ ਝਾਂਸਾ ਦਿੰਦਾ ਹੈ। ਡੀਆਈਜੀ ਸਿੱਧੂ ਨੇ ਕਿਹਾ ਕਿ ਸਾਡੀ ਪੁਲਿਸ ਪੂਰੀ ਮੁਸ਼ਤੈਦ ਹੈ, ਅਸੀਂ ਪੂਰੇ ਸੁਰੱਖਿਆ ਇੰਤਜ਼ਾਮ ਕੀਤੇ ਹੋਏ ਹਨ।