Gee 98News

ਆਡਾਨੀ ਨੇ ਮਹਿਲ ਕਲਾਂ ਦੀ ਧਰਤੀ ‘ਤੇ ਵੀ ਰੱਖ ਲਏ ਕਾਰੋਬਾਰੀ ਕਦਮ…ਬਣੇਗਾ ਵੱਡਾ ਸਟੀਲ ਸਾਇਲੋਜ਼

-ਇੱਕ ਪਾਸੇ ਕਿਸਾਨ ਜਥੇਬੰਦੀਆਂ ਵੱਲੋਂ ਫਸਲਾਂ ਦੀ ਖਰੀਦ ਦੀ ਕਾਨੂੰਨੀ ਗਰੰਟੀ ਲੈਣ ਅਤੇ ਫਸਲਾਂ ਦੀ ਸਰਕਾਰੀ ਖਰੀਦ ਸਮੇਤ ਸਾਰੇ ਮੰਡੀਕਰਨ ਸਿਸਟਮ ਨੂੰ ਚਾਲੂ ਰੱਖਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ ਪਰੰਤੂ ਦੂਜੇ ਪਾਸੇ ਸਰਕਾਰ ਵੱਲੋਂ ਮੰਡੀਕਰਨ ਸਿਸਟਮ ਨੂੰ ਨਿੱਜੀਕਰਨ ਵਾਲੇ ਪਾਸੇ ਲਿਜਾਣ ਲਈ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਨੇ ਭਾਰਤੀ ਖਾਦ ਨਿਗਮ ਲਈ ਪੰਜਾਬ ‘ਚ ਹੋਰ ਵੱਡੇ ਗੋਲਾਈਦਾਰ ਸਟੀਲ ਦੇ ਸਾਈਲੋਜ਼ ਬਣਾਉਣ ਦੀ ਯੋਜਨਾ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਦੱਸ ਦੇਈਏ ਕਿ ਭਾਰਤੀ ਖਾਦ ਨਿਗਮ ਲਈ ਅਡਾਨੀ ਐਗਰੋ ਲਾਜਿਸਟਿਕਸ ਵਲੋਂ 2007 ਤੋਂ ਆਧੁਨਿਕ ਅਨਾਜ ਭੰਡਾਰਨ ਦਾ ਸਟਰਕਚਰ ਸ਼ੁਰੂ ਕੀਤਾ ਗਿਆ ਹੈ | ਇਸ ਲਈ ਸਟੀਲ ਦੇ ਗੋਲਾਈਦਾਰ ਵੱਡੇ ਟੈਂਕ ਬਣਾ ਕੇ ਉਨ੍ਹਾਂ ‘ਚ ਲੰਮੇਂ ਸਮੇਂ ਲਈ ਅਨਾਜ ਭੰਡਾਰ ਕੀਤਾ ਜਾ ਸਕਦਾ ਹੈ। ਇਹ ਸਾਇਲੋਜ਼ ਜਿਥੇ ਪੂਰੇ ਭਾਰਤ ਵਿਚ ਬਣਾਏ ਜਾ ਰਹੇ ਹਨ ਉਥੇ ਪੰਜਾਬ ਵਿਚ ਬਣਨ ਵਾਲੇ ਵੱਡੀ ਗਿਣਤੀ ਸਾਇਲੋਜ਼ ਦੀ ਸੂਚੀ ਵੀ ਜਾਰੀ ਹੋ ਚੁੱਕੀ ਹੈ । ਭਾਵੇਂ ਪੂਰੇ ਦੇਸ਼ ਵਿਚ ਬਣਨ ਵਾਲੇ ਸਾਇਲੋਜ਼ ਦੀ ਭੰਡਾਰਨ ਸਮਰੱਥਾ 25 ਹਜ਼ਾਰ ਮੀਟਰਿਕ ਟਨ ਤੋਂ ਲੈ ਕੇ 5 ਲੱਖ ਮੀਟਰਿਕ ਟਨ ਤੱਕ ਦੀ ਹੈ ਪਰ ਜਿਹੜੇ ਸਾਇਲੋਜ਼ ਪੰਜਾਬ ਵਿਚ ਬਣ ਰਹੇ ਹਨ ਉਨ੍ਹਾਂ ਵਿਚ ਦਿੜਬਾ, ਖਨੌਰੀ, ਸਹਿਣਾ, ਧਨੌਲਾ, ਸਾਦਿਕ, ਬਰੀਵਾਲਾ, ਪੰਨੀਵਾਲਾ, ਮਹਿਰਾਜਵਾਲਾ, ਕਸਬਿਆਂ ‘ਚ 25 ਹਜ਼ਾਰ ਮੀਟਰਿਕ ਟਨ ਦੀ ਸਮਰੱਥਾ ਵਾਲੇ ਅਤੇ ਮੂਣਕ, ਮਹਿਲ ਕਲਾਂ, ਤਪਾ, ਕਿੱਲਿਆਂ ਵਾਲੀ, ਭਲਾਈਆਣਾ ‘ਚ 37,500 ਮੀਟਰਿਕ ਟਨ ਸਮਰੱਥਾ ਵਾਲੇ, ਧੂਰੀ, ਜੈਤੋ, ਗਿੱਦੜਬਾਹਾ, ਪਟਿਆਲਾ, ਅਬੋਹਰ ‘ਚ 50 ਹਜ਼ਾਰ ਮੀਟਰਿਕ ਟਨ ਭੰਡਾਰਨ ਸਮਰੱਥਾ ਵਾਲੇ, ਸਮਾਣਾ 75000 ਅਤੇ ਸ੍ਰੀ ਮੁਕਤਸਰ ਸਾਹਿਬ ‘ਚ 1 ਲੱਖ ਮੀਟਰਿਕ ਟਨ ਦੀ ਭੰਡਾਰਨ ਸਮਰੱਥਾ ਵਾਲੇ ਸਾਇਲੋਜ਼ ਬਣਨ ਜਾ ਰਹੇ ਹਨ । ਦਾਅਵਾ ਕੀਤਾ ਹੈ ਕਿ ਇਨ੍ਹਾਂ ਸਾਇਲੋਜ਼ ‘ਚ ਬਿਨਾਂ ਬਾਰਦਾਨਾਂ ਭਰੇ ਅਨਾਜ ਪਾਇਆ ਤੇ ਕੱਢਿਆ ਜਾ ਸਕਦਾ ਹੈ। ਇਨ੍ਹਾਂ ਸਾਇਲੋਜ਼ ‘ਚ ਅਨਾਜ ਦੀ ਉਤਰਾਈ, ਭਰਾਈ, ਤੁਲਾਈ, ਨਮੀ ਮਾਪਦੰਡ ਅਤੇ ਆਨਲਾਈਨ ਬਿਲਿੰਗ ਦੀ ਸਾਰੀ ਪ੍ਰਕਿਰਿਆ ‘ਤੇ ਸਿਰਫ ਦੋ ਘੰਟੇ ਦਾ ਸਮਾਂ ਲੱਗਦਾ ਹੈ । ਇਸ ਦਾ ਸਾਰਾ ਕੰਮ ਮਸ਼ੀਨਾਂ ਦੁਆਰਾ ਕੀਤਾ ਜਾਂਦਾ ਹੈ ।ਸਰਕਾਰ ਦਾ ਤਰਕ ਹੈ ਕਿ ਕਿਸਾਨਾਂ ਨੂੰ ਮੰਡੀਆਂ ‘ਚ ਫ਼ਸਲ ਵੇਚਣ ਲਈ ਲੰਮਾਂ ਸਮਾਂ ਉਡੀਕ ਨਹੀਂ ਕਰਨੀ ਪਵੇਗੀ ਅਤੇ ਮਾਲ ਦੀ ਵਾਰ ਵਾਰ ਢੋਆ ਢੁਆਈ ਤੇ ਰੱਖ ਰਖਾਅ ਦਾ ਝੰਜਟ ਵੀ ਖਤਮ ਹੋ ਜਾਵੇਗਾ । ਭਾਵੇਂ ਸਾਇਲੋਜ਼ ‘ਚ ਖਰੀਦ ਭਾਰਤ ਖੁਰਾਕ ਨਿਗਮ ਵਲੋਂ ਕੀਤੀ ਜਾ ਰਹੀ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਹੌਲੀ ਹੌਲੀ ਸਰਕਾਰ ਇਹ ਸਭ ਕੁਝ ਪ੍ਰਾਈਵੇਟ ਸੈਕਟਰ ਨੂੰ ਸੌਂਪ ਦੇਵੇਗੀ ਅਤੇ ਸਰਕਾਰੀ ਮੰਡੀ ਵਿਵਸਥਾ ਖਤਮ ਹੋ ਜਾਵੇਗੀ ।ਕਿਸਾਨ ਜਥੇਬੰਦੀਆਂ ਇਹਨਾਂ ਸਾਇਲ ਵੀ ਤਾਂ ਇਸ ਕਰਕੇ ਵੀ ਵਿਰੋਧ ਕਰ ਰਹੀਆਂ ਹਨ ਕਿਉਂਕਿ ਉਨ੍ਹਾਂ ਨੂੰ ਨਿੱਜੀ ਖੇਤਰ ‘ਤੇ ਭਰੋਸਾ ਨਹੀ ਹੈ। ਦੂਜੇ ਪਾਸੇ ਮਹਿਲ ਕਲਾਂ ਖੇਤਰ ਵਿੱਚ ਆਡਾਨੀ ਦੇ ਸਾਇਲੋਜ਼ ਦੀ ਸਥਾਪਨਾ ਦੀ ਭਿਣਕ ਮਿਲਦਿਆਂ ਹੀ ਹਲਚਲ ਸ਼ੁਰੂ ਹੋ ਗਈ ਹੈ ਪਰ ਸੱਚਾਈ ਇਹ ਵੀ ਹੈ ਕਿ ਜਿੱਥੇ ਜਿੱਥੇ ਪਹਿਲਾਂ ਇਹ ਸਾਈਲੋਜ਼ ਬਣੇ ਹੋਏ ਨੇ ਉਥੇ ਵਿਰੋਧ ਦੇ ਬਾਵਜੂਦ ਵੀ ਵੱਡੀ ਗਿਣਤੀ ਵਿੱਚ ਆਮ ਕਿਸਾਨ ਆਪਣੀ ਫਸਲ ਵੇਚ ਰਹੇ ਹਨ।

error: Content is protected !!