Gee 98News

ਕਾਂਗਰਸੀ ਢਾਂਚੇ ‘ਚ ਫੇਰਬਦਲ…ਪੰਜਾਬ ਕਾਂਗਰਸ ਦੀ ਵਾਗਡੋਰ ਭੁਪੇਸ਼ ਬਘੇਲ ਦੇ ਹੱਥ…!

-ਕਾਂਗਰਸ ਨੇ ਪੰਜਾਬ ਸਮੇਤ 11 ਹੋਰ ਸੂਬਿਆਂ ਵਿੱਚ ਆਪਣੇ ਜਥੇਬੰਦਕ ਦੇ ਚੋਟੀ ਦੇ ਅਹੁਦਿਆਂ ‘ਤੇ ਤਬਦੀਲੀ ਕੀਤੀ ਹੈ। ਸ਼ੁੱਕਰਵਾਰ ਦੇਰ ਰਾਤ ਜਾਰੀ ਪੱਤਰ ਅਨੁਸਾਰ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਨੂੰ ਪੰਜਾਬ ਦੀ ਵਾਗਡੋਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜੰਮੂ ਕਸ਼ਮੀਰ, ਹਿਮਾਚਲ, ਚੰਡੀਗੜ੍ਹ, ਹਰਿਆਣਾ, ਮੱਧ ਪ੍ਰਦੇਸ਼, ਤਾਮਿਲਨਾਡੂ, ਪਾਂਡੂਚੇਰੀ, ਉੜੀਸਾ, ਝਾਰਖੰਡ, ਤਿਲੰਗਾਨਾ, ਮਨੀਪੁਰ, ਤ੍ਰਿਪੁਰਾ, ਸਿਕਮ, ਨਾਗਾਲੈਂਡ, ਬਿਹਾਰ ਦੇ ਇੰਚਾਰਜ ਬਦਲ ਦਿੱਤੇ ਗਏ ਹਨ। ਸੂਤਰਾਂ ਅਨੁਸਾਰ ਕੁਝ ਦਿਨਾਂ ਵਿੱਚ ਪੰਜਾਬ ਕਾਂਗਰਸ ਦੇ ਜਥੇਬੰਦਕ ਢਾਂਚੇ ‘ਚ ਵੱਡੀ ਪੱਧਰ ‘ਤੇ ਤਬਦੀਲੀ ਹੋਵੇਗੀ। ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਹਾਈ ਕਮਾਂਡ ‘ਤੇ ਜ਼ੋਰ ਪਾ ਰਹੇ ਹਨ ਕਿ ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ‘ਚ ਬੈਕਫੁੱਟ ‘ਤੇ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਨ ਲਈ ਹੁਣੇ ਤੋਂ ਰਣਨੀਤੀ ਤਿਆਰ ਕੀਤੀ ਜਾਣੀ ਚਾਹੀਦੀ ਹੈ। ਦਰਅਸਲ ਪੰਜਾਬ ਕਾਂਗਰਸ ਦੇ ਆਗੂ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੂਬਾ ਪ੍ਰਧਾਨ ਅਮਨ ਅਰੋੜਾ ਵਿਚਕਾਰ ਪੈਦਾ ਹੋਏ ਮਤਭੇਦਾਂ ਦਾ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ, ਜਿਹੜੇ ਕਿ ਜੱਗ ਜ਼ਾਹਿਰ ਹੋ ਚੁੱਕੇ ਹਨ। ਇਹ ਵੀ ਚਰਚਾ ਹੈ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਹਾਈ ਕਮਾਂਡ ਨੂੰ ਦੋ ਟੁੱਕ ਆਖ ਦਿੱਤਾ ਹੈ ਕਿ ਹੁਣ ਸੂਬੇ ‘ਚ ਸਰਕਾਰ ਦੇ ਖ਼ਿਲਾਫ਼ ਹਮਲਾਵਰ ਨੀਤੀ ਅਪਨਾਉਣ ਦਾ ਉਚਿਤ ਸਮਾਂ ਹੈ ਜਿਸ ਤੋਂ ਪਹਿਲਾਂ ਕਾਂਗਰਸ ਖੁੰਝਦੀ ਆਈ ਹੈ।

error: Content is protected !!