Skip to main content

Gee 98News

ਪੁਲਿਸ ਨੇ ਚੁੱਕ ਲਈ ਆਪਣੇ ਮਹਿਕਮੇ ਦੀ ਕਾਲੀ ਭੇਡ…ਹਵਾਲਾ ਦੇ ਕਾਰੋਬਾਰ ‘ਚ ਸ਼ਾਮਿਲ

-ਪੰਜਾਬ ਪੁਲਿਸ ਨੇ ਆਪਣੇ ਹੀ ਵਿਭਾਗ ਦੀ ਕਾਲੀ ਭੇਡ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਅਧਿਕਾਰੀਆਂ ਵੱਲੋਂ ਆਫ਼ ਦੀ ਰਿਕਾਰਡ ਕਿਹਾ ਜਾ ਰਿਹਾ ਕਿ ਸ਼ੱਕ ਦੇ ਆਧਾਰ ‘ਤੇ ਇੱਕ ਥਾਣੇਦਾਰ ਨੂੰ ਹਿਰਾਸਤ ਵਿੱਚ ਲਿਆ ਗਿਆ ਪ੍ਰੰਤੂ ਅੰਦਰੂਨੀ ਸੂਤਰਾਂ ਅਨੁਸਾਰ ਪੱਕੇ ਸਬੂਤਾਂ ਦੇ ਆਧਾਰ ‘ਤੇ ਇਹ ਕਾਰਵਾਈ ਕੀਤੀ ਗਈ ਹੈ। ਸ਼ੁੱਕਰਵਾਰ ਦੇਰ ਸ਼ਾਮ ਬਟਾਲਾ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਬਟਾਲਾ ‘ਚ ਇੱਕ ਪੁਲਿਸ ਚੌਂਕੀ ‘ਤੇ ਤਾਇਨਾਤ ਇੱਕ ਏਐੱਸਆਈ ਨੂੰ ਸ਼ੱਕ ਦੇ ਆਧਾਰ ‘ਤੇ ਹਿਰਾਸਤ ‘ਚ ਲਿਆ ਹੈ। ਡੀਐੱਸਪੀ ਦੀ ਅਗਵਾਈ ਹੇਠ ਪੁਲਿਸ ਦੀ ਟੀਮ ਵੱਲੋਂ ਕਰੀਬ ਤਿੰਨ ਘੰਟੇ ਦੀ ਕਾਰਵਾਈ ਤੋਂ ਬਾਅਦ ਏਐੱਸਆਈ ਰੈਂਕ ਦੇ ਪੁਲਿਸ ਅਧਿਕਾਰੀ ਨੂੰ ਉਸਦੇ ਘਰੋਂ ਹਿਰਾਸਤ ‘ਚ ਲਿਆ ਹੈ। ਸੂਤਰਾਂ ਅਨੁਸਾਰ ਮਾਮਲਾ ਹਵਾਲਾ ਦੇ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ ਅਤੇ ਹਿਰਾਸਤ ‘ਚ ਲਏ ਗਏ ਪੁਲਿਸ ਅਧਿਕਾਰੀ ਵੱਲੋਂ ਡਿਊਟੀ ਦੌਰਾਨ ਸਰਕਾਰੀ ਗੱਡੀ ‘ਚ ਹਵਾਲਾ ਰਾਸ਼ੀ ਨੂੰ ਆਪਣੇ ਘਰ ਲਿਆਂਦਾ ਸੀ। ਪੁਲਿਸ ਅਧਿਕਾਰੀ ਨੂੰ ਹਿਰਾਸਤ ‘ਚ ਲਏ ਜਾਣ ਸਮੇਂ ਬਟਾਲਾ ਪੁਲਿਸ ਦੇ ਉੱਚ ਅਧਿਕਾਰੀਆਂ ਵਲੋਂ ਉਸਦੇ ਘਰੋਂ ਭਾਰੀ ਰਾਸ਼ੀ ਵੀ ਬਰਾਮਦ ਕੀਤੇ ਜਾਣ ਦੀ ਚਰਚਾ ਹੈ। ਪੁਲਿਸ ਅਧਿਕਾਰੀ ਦੇ ਘਰ ਬਟਾਲਾ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਕੀਤੀ ਗਈ ਛਾਪੇਮਾਰੀ ਦੀ ਭਿਣਕ ਪੈਂਦਿਆਂ ਹੀ ਮੀਡੀਆ ਵੀ ਮੌਕੇ ‘ਤੇ ਪੁੱਜ ਗਿਆ, ਪਰ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ। ਉਕਤ ਮਾਮਲੇ ਦੇ ਸਬੰਧ ‘ਚ ਜਦ ਬਟਾਲਾ ਦੇ ਐੱਸਐੱਸਪੀ ਸੁਹੇਲ ਕਾਸਮ ਮੀਰ ਨਾਲ ਉਹਨਾਂ ਦੇ ਫੋਨ ‘ਤੇ ਸੰਪਰਕ ਕਰਨਾ ਚਾਹਿਆ ਤਾਂ ਉਹਨਾਂ ਨੇ ਫੋਨ ਨਹੀਂ ਚੁੱਕਿਆ। ਐੱਸਪੀ ਗੁਰਪ੍ਰਤਾਪ ਸਿੰਘ ਸਹੋਤਾ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਕਤ ਮਾਮਲੇ ਦੇ ਸਬੰਧ ‘ਚ ਡੀਐੱਸਪੀ ਫਤਿਹਗੜ੍ਹ ਚੂੜੀਆਂ ਵਿਪਨ ਕੁਮਾਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ ਸਬੰਧੀ ਐੱਸਐੱਸਪੀ ਬਟਾਲਾ ਸ਼ਨਿੱਚਰਵਾਰ ਪ੍ਰੈਸ ਕਾਨਫਰੰਸ ਕਰ ਸਕਦੇ ਹਨ।

error: Content is protected !!