Skip to main content

Gee 98News

…ਜੇ ਟਰੇਲਰ ਜਬਰਦਸਤ ਹੈ ਤਾਂ ਫਿਲਮ ਕਿਹੋ ਜਿਹੀ ਹੋਵੇਗੀ…ਆਪਣੇ ਪਹਿਲੇ ਸੈਸ਼ਨ ਵਿੱਚ ਹੀ ਵਿਧਾਇਕ ਕਾਲਾ ਢਿੱਲੋਂ ਦਾ ਹਮਲਾਵਰ ਰੁਖ

ਵਿਧਾਨ ਸਭਾ ਹਲਕਾ ਬਰਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋ ਵੱਲੋਂ ਆਪਣੇ ਪਹਿਲੇ ਵਿਧਾਨ ਸਭਾ ਸੈਸ਼ਨ ਵਿੱਚ ਚੁੱਕੇ ਮੁੱਦੇ ਚਰਚਾ ਦਾ ਵਿਸ਼ਾ ਹਨ। ਵਿਧਾਇਕ ਢਿੱਲੋਂ ਨੇ ਬੀਤੇ ਕੱਲ੍ਹ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਬਰਨਾਲਾ ਜ਼ਿਲ੍ਹੇ ਵਿੱਚ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਸੱਤਾਧਾਰੀ ਪਾਰਟੀ ਦੇ ਦਾਅਵਿਆਂ ਦੀ ਪੋਲ ਖੋਲਦੇ ਹੋਏ ਤੱਥਾਂ ਸਮੇਤ ਖਾਲੀ ਅਸਾਮੀਆਂ ਅਤੇ ਹੋਰ ਬੁਨਿਆਦੀ ਸਹੂਲਤਾਂ ਦੀ ਘਾਟ ਦਾ ਮੁੱਦਾ ਉਠਾਇਆ। ਵਿਧਾਇਕ ਢਿੱਲੋਂ ਨੇ ਬਰਨਾਲਾ ਸਿਵਲ ਹਸਪਤਾਲ ਵਿੱਚ ਜੱਜਾ ਬੱਚਾ ਕੇਂਦਰ ਵਾਲੇ ਪਾਸੇ ਬੱਚਿਆਂ ਦੀ ਪ੍ਰੀ ਮੈਚਿਓਰ ਅਤੇ ਨਰਸਰੀ ‌ਦੇ ਬੰਦ ਹੋਣ ਦਾ ਮੁੱਦਾ ਚੁੱਕਦੇ ਹੋਏ ਕਿਹਾ ਕਿ ਤਿੰਨ ਵਰ੍ਹੇ ਬੀਤਣ ਦੇ ਬਾਵਜੂਦ ਵੀ ਮੌਜੂਦਾ ਸਰਕਾਰ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਅਤੇ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਆਪਣੀ ਲੁੱਟ ਕਰਵਾਉਣੀ ਪੈ ਰਹੀ ਹੈ। ਸਿੱਖਿਆ ਦੇ ਖੇਤਰ ਵਿੱਚ ਜ਼ਿਲ੍ਹੇ ਦੇ ਸੀਨੀਅਰ ਸੈਕੰਡਰੀ ਸਕੂਲਾਂ ‘ਚ ਪ੍ਰਿੰਸੀਪਲਾਂ ਅਤੇ ਹਾਈ ਸਕੂਲਾਂ ‘ਚ ਮੁੱਖ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਦਾ ਜ਼ਿਕਰ ਕਰਦੇ ਹੋਏ ਵਿਧਾਇਕ ਢਿੱਲੋਂ ਨੇ ਕਿਹਾ ਕਿ ਸਿੱਖਿਆ ਆਮ ਆਦਮੀ ਪਾਰਟੀ ਦਾ ਤਰਜੀਹੀ ਖੇਤਰ ਸੀ ਪਰੰਤੂ ਆਪ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਕਰਨ ਦੇ ਮਾਮਲੇ ‘ਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਸਮੁੱਚੇ ਪੰਜਾਬ ਦੇ ਲੋਕਾਂ ਦੀ ਇੱਕ ਵੱਡੀ ਸਮੱਸਿਆ ਦਾ ਜ਼ਿਕਰ ਕਰਦੇ ਹੋਏ ਵਿਧਾਇਕ ਢਿੱਲੋਂ ਨੇ ਕਿਹਾ ਕਿ ਲੋਕਾਂ ਨੂੰ ਡਰਾਈਵਿੰਗ ਲਾਇਸੰਸ ਅਤੇ ਵਾਹਨਾਂ ਦੇ ਰਜਿਸਟਰੇਸ਼ਨ ਨੂੰ ਸਰਟੀਫਿਕੇਟ ਲੈਣ ਵਿੱਚ ਕਈ ਮਹੀਨਿਆਂ ਤੋਂ ਖੱਜਲ ਖ਼ੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰੰਤੂ ਆਪ ਸਰਕਾਰ ਲੋਕਾਂ ਦੀ ਇਸ ਸਮੱਸਿਆ ਵੱਲ ਧਿਆਨ ਨਹੀਂ ਦੇ ਰਹੀ। ‌ ਵਿਧਾਇਕ ਢਿੱਲੋਂ ਨੇ ਮੰਗ ਕੀਤੀ ਕਿ ਵਾਹਨਾਂ ਦੀ ਰਜਿਸਟਰੇਸ਼ਨ ਦਾ ਕੰਮ ਜ਼ਿਲ੍ਹਾ ਪੱਧਰ ‘ਤੇ ਇਹੀ ਹੋਣਾ ਚਾਹੀਦਾ ਹੈ। ਦੱਸ ਦੇਈਏ ਕਿ ਵਿਧਾਇਕ ਢਿੱਲੋਂ ਬਰਨਾਲਾ ਜ਼ਿਲ੍ਹੇ ਵਿੱਚ ਐਕਸ਼ਨ ਮੋਡ ਵਿੱਚ ਹਨ ਅਤੇ ਉਹਨਾਂ ਨੇ ਕਈ ਦਿਨ ਪਹਿਲਾਂ ਹੀ ਨਗਰ ਕੌਂਸਲ ਬਰਨਾਲਾ ਵਿੱਚ ਭ੍ਰਿਸ਼ਟਾਚਾਰ ਦੇ ਮੁੱਦੇ ਸਬੰਧੀ ਇੱਕ ਚਿੱਠੀ ਕਾਰਜ ਸਾਧਕ ਅਫ਼ਸਰ ਨੂੰ ਲਿਖ ਕੇ ਸਮੁੱਚੇ ਵਿਕਾਸ ਕਾਰਜਾਂ ਦੀ ਜਾਣਕਾਰੀ ਵੀ ਮੰਗੀ ਹੈ। ਸੂਤਰਾਂ ਅਨੁਸਾਰ ਬਰਨਾਲਾ ਜ਼ਿਲ੍ਹੇ ਵਿੱਚ ਹੋ ਰਹੇ ਭ੍ਰਿਸ਼ਟਾਚਾਰ ਦਾ ਮਾਮਲਾ ਵਿਧਾਇਕ ਢਿੱਲੋਂ ਵੱਲੋਂ ਵਿਧਾਨ ਸਭਾ ਵਿੱਚ ਵੀ ਚੁੱਕਿਆ ਜਾ ਸਕਦਾ ਹੈ। ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਕਰਨ ਦੇ ਦਾਅਵੇ ਕਰਕੇ ਸੱਤਾ ‘ਚ ਆਈ ਆਪ ਸਰਕਾਰ ਦੇ ਬਰਨਾਲਾ ਜ਼ਿਲ੍ਹੇ ਨਾਲ ਸੰਬੰਧਿਤ ਆਗੂਆਂ ਵਿੱਚ ਕਾਂਗਰਸ ਵੀ ਵਿਧਾਇਕ ਢਿੱਲੋਂ ਦੇ ਐਕਸ਼ਨ ਨੂੰ ਵੇਖਦੇ ਹੋਏ ਹਲਚਲ ਸ਼ੁਰੂ ਹੋ ਚੁੱਕੀ ਹੈ। ਜੇਕਰ ਵਿਧਾਇਕ ਢਿੱਲੋਂ ਵੱਲੋਂ ਜ਼ਿਲ੍ਹੇ ਵਿੱਚ ਹੋ ਰਹੇ ਭ੍ਰਿਸ਼ਟਾਚਾਰ ਦਾ ਮੁੱਦਾ ਵਿਧਾਨ ਸਭਾ ਵਿੱਚ ਜਾਂ ਸਰਕਾਰੀ ਪੱਧਰ ‘ਤੇ ਜ਼ੋਰ ਸ਼ੋਰ ਨਾਲ ਚੁੱਕਿਆ ਜਾਂਦਾ ਹੈ ਤਾਂ ਇਸ ਵਿੱਚ ਕਈ ਸੱਤਾਧਾਰੀ ਆਗੂਆਂ ਦੇ ਚਿਹਰੇ ਤੋਂ ਮਖੌਟਾ ਉਤਰਨ ਦੇ ਆਸਾਰ ਬਣਨਗੇ। ਆਪਣੇ ਪਹਿਲੇ ਹੀ ਵਿਧਾਨ ਸਭਾ ਸੈਸ਼ਨ ਵਿੱਚ ਵਿਧਾਇਕ ਕੁਲਦੀਪ ਸਿੰਘ ਢਿੱਲੋਂ ਦੇ ਹਮਲਾਵਰ ਰੁਖ ਦੀ ਕਾਂਗਰਸੀ ਖੇਮਿਆਂ ਵਿੱਚ ਜਿੱਥੇ ਸ਼ਲਾਘਾ ਹੋ ਰਹੀ ਹੈ ਉੱਥੇ ਸੱਤਾਧਾਰੀ ਖ਼ੇਮੇ ਵਿੱਚ ਕੁਝ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ ਕਿ ਜੇਕਰ ਟਰੇਲਰ ਅਜਿਹਾ ਹੈ ਤਾਂ ਫਿਲਮ ਕਿਹੋ ਜਿਹੀ ਹੋਵੇਗੀ। ‌

error: Content is protected !!