Skip to main content

Gee 98News

“ਕੱਲੀ ਕਲਾਪੀ ਜਿੰਦ ਬਹੁਤੇ ਮੁਲਾਹਜ਼ੇਦਾਰਾਂ” ਦੀ ਮੁਹੱਬਤ ਵਿੱਚ ਫਸੀ ਹੋਈ ਲੱਗਦੀ ਆਂ

-ਬਰਨਾਲਾ ਜ਼ਿਲ੍ਹੇ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ‘ਚ “ਸਭ ਕੁਝ ਅੱਛਾ ਨਹੀਂ” ਦੇ ਸੰਕੇਤ ਮਿਲ ਰਹੇ ਹਨ। 2014 ਤੋਂ ਲੈ ਕੇ ਆਮ ਆਦਮੀ ਪਾਰਟੀ ਦੀਆਂ ਸਰਗਰਮੀਆਂ ‘ਚ ਭਮੱਕੜਾਂ ਵਾਂਗ ਮੱਚਣ ਵਾਲੇ ਸਥਾਨਕ ਪੱਧਰ ਦੇ ਆਗੂ ਤੇ ਵਰਕਰ ਨਿਰਾਸ਼ਤਾ ਦੇ ਆਲਮ ਵਿੱਚ ਵਿਚਰ ਰਹੇ ਹਨ। ਬਰਨਾਲਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੀ ਹਾਰ ਨੇ ਇਹਨਾਂ ਆਗੂਆਂ ਤੇ ਵਰਕਰਾਂ ਦੀ ਨਿਰਾਸ਼ਤਾ ‘ਚ ਹੋਰ ਵਾਧਾ ਕੀਤਾ ਹੈ। ਕੁਝ ਦਿਨ ਪਹਿਲਾਂ ਜ਼ਿਲ੍ਹੇ ਦੀਆਂ ਮਾਰਕੀਟ ਕਮੇਟੀਆਂ ਦੇ ਨਿਯੁਕਤ ਕੀਤੇ ਚੇਅਰਮੈਨਾਂ ਦੀ ਪ੍ਰਕਿਰਿਆ ਨੇ ਇਨਾਂ ਭਮੱਕੜਾਂ ਦੇ ਸਿਆਸੀ ਖੰਭ ਹੋਰ ਖਿਲਾਰ ਦਿੱਤੇ ਹਨ। ਸੋਸ਼ਲ ਮੀਡੀਆ ‘ਤੇ ਆਪਣੇ ਆਪਣੇ ਫੇਸਬੁੱਕ ਅਕਾਊਂਂਟ ‘ਤੇ ਆਪ‌ ਦੇ ਟਕਸਾਲੀ ਆਗੂਆਂ ਤੇ ਵਰਕਰਾਂ ਵੱਲੋਂ ਚੇਅਰਮੈਨਾਂ ਦੀਆਂ ਨਿਯੁਕਤੀਆਂ ਦੇ ਖ਼ਿਲਾਫ਼ ਪੋਸਟਾਂ ਆਮ ਹੀ ਦੇਖੀਆਂ ਜਾ ਰਹੀਆਂ ਹਨ। ਬਰਨਾਲਾ ‘ਚ ਮੈਂਬਰ ਪਾਰਲੀਮੈਂਟ ਮੀਤ ਹੇਅਰ ਅਤੇ ਮਹਿਲ ਕਲਾਂ, ਭਦੌੜ ਹਲਕੇ ‘ਚ ਮੌਜੂਦਾ ਵਿਧਾਇਕਾਂ ਲਈ ਇਹ ਚੇਅਰਮੈਨੀਆਂ ਜਿੰਦ ਕੱਲੀ ਤੇ ਮੁਲਾਹਜ਼ੇਦਾਰ ਬਹੁਤੇ ਵਾਲੇ ਵਾਲੀ ਸਥਿਤੀ ਬਣੀ ਹੋਈ ਸੀ ਅਤੇ ਹੁਣ ਜਿਹੜੇ ਮੁਲਾਹਜ਼ੇਦਾਰਾਂ ਨੂੰ ਮਾਰਕੀਟ ਕਮੇਟੀਆਂ ਦੀ ਚੇਅਰਮੈਨੀ ਦੀ ਕੁਰਸੀ ਦੀ ਮੁਹੱਬਤ ਨਹੀਂ ਮਿਲੀ, ਉਹਨਾਂ ਮੁਲਾਹਜ਼ੇਦਾਰਾਂ ਦਾ ਤਿੰਨਾਂ ਹਲਕਿਆਂ ਵਿੱਚ ਆਪਣੇ ਆਪਣੇ ਆਗੂਆਂ ਪ੍ਰਤੀ ਹੇਜ਼ 2027 ਤੱਕ ਘਟਣ ਦੇ ਸੰਕੇਤ ਮਿਲਣੇ ਸ਼ੁਰੂ ਹੋ ਗਏ ਹਨ। ਦੂਜੇ ਪਾਸੇ ਜ਼ਿਮਨੀ ਚੋਣ ‘ਚ ਬਾਗੀ ਹੋ ਕੇ ਚੋਣ ਲੜਨ ਵਾਲੇ ਗੁਰਦੀਪ ਸਿੰਘ ਬਾਠ ਦੇ ਅਸਤੀਫ਼ੇ ਤੋਂ ਬਾਅਦ ਜ਼ਿਲ੍ਹਾ ਪ੍ਰਧਾਨਗੀ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਮੈਨ ਦੀ ਖਾਲੀ ਕੁਰਸੀ ਵੀ ਸਥਾਨਕ ਆਪ ਆਗੂਆਂ ਲਈ ਸਿਰਦਰਦੀ ਬਣੀ ਹੋਈ ਹੈ। ਬਰਨਾਲਾ ਜ਼ਿਲ੍ਹੇ ਨਾਲ ਸੰਬੰਧਿਤ ਆਪ ਦੇ ਬਹੁਤੇ ਆਗੂ ਰਸਮੀ ਗੱਲਬਾਤ ਦੌਰਾਨ ਇਹ ਆਖ ਰਹੇ ਹਨ ਕਿ ਬਰਨਾਲਾ ਤੋਂ ਮੰਤਰੀ ਪਦ ਖੁੱਸ ਜਾਣ ਤੋਂ ਬਾਅਦ ਪਾਰਟੀ ਦੇ ਹਾਲਾਤ ਬਦਲ ਗਏ ਹਨ। ਮੀਤ ਹੇਅਰ ਦੇ ਮੈਂਬਰ ਪਾਰਲੀਮੈਂਟ ਚੁਣੇ ਜਾਣ ਤੋਂ ਬਾਅਦ ਬਰਨਾਲਾ ‘ਚ ਪਾਰਟੀ ਦੀਆਂ ਸਰਗਰਮੀਆਂ ਟਰਨਿੰਗ ਪੁਆਇੰਟ ਵਾਲੇ ਹਾਲਾਤਾਂ ‘ਚ ਚਲੀਆਂ ਗਈਆਂ। ਭਾਵੇਂ ਕਿ ਹਰਿੰਦਰ ਸਿੰਘ ਧਾਲੀਵਾਲ ਵੱਲੋਂ ਹਲਕੇ ‘ਚ ਪਾਰਟੀ ਸਰਗਰਮੀਆਂ ਜਾਰੀ ਰੱਖੀਆਂ ਹੋਈਆਂ ਹਨ ਪ੍ਰੰਤੂ ਐਮਪੀ ਮੀਤ ਹੇਅਰ ਦੀ ਗੈਰ ਹਾਜ਼ਰੀ ਦੇ ਕਾਰਨ ਹੇਠਲੇ ਪੱਧਰ ‘ਤੇ ਸਥਿਤੀ ਬਦਲ ਰਹੀ ਹੈ। ‌ਹੈਰਾਨੀ ਇਸ ਗੱਲ ਦੀ ਵੀ ਹੈ ਕਿ ਜਿਲ੍ਹੇ ‘ਚ ਮੀਤ ਹੇਅਰ ਨੂੰ ਕਿਸੇ ਕਿਸਮ ਦੀ ਪਾਰਟੀ ਅੰਦਰੋਂ ਕੋਈ ਚੁਣੌਤੀ ਨਾ ਹੋਣ ਦੇ ਬਾਵਜੂਦ ਵੀ ਜ਼ਿਲ੍ਹਾ ਪ੍ਰਧਾਨਗੀ ਅਤੇ ਯੋਜਨਾ ਕਮੇਟੀ ਦੇ ਚੇਅਰਮੈਨ ਦੀ ਕੁਰਸੀ ਦਾ ਫੈਸਲਾ ਨਹੀਂ ਹੋ ਰਿਹਾ। ਕਿਤੇ ਕਿਤੇ ਇਹ ਚਰਚਾ ਵੀ ਸੁਣਨ ਨੂੰ ਮਿਲਦੀ ਹੈ ਕਿ ਗੁਰਦੀਪ ਸਿੰਘ ਬਾਠ ਨੂੰ ਮਨਾਉਣ ਲਈ ਯਤਨ ਕੀਤੇ ਜਾ ਰਹੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਜ਼ਿਲ੍ਹਾ ਪ੍ਰਧਾਨਗੀ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਮੈਨੀ ਦੇ ਦੋਵੇਂ ਅਹੁਦੇ ਫਿਰ ਮੁੜ ਪਹਿਲਾਂ ਵਾਲੇ ਸਥਾਨ ‘ਤੇ ਹੀ ਚਲੇ ਜਾਣਗੇ। ਮੰਨਿਆ ਜਾ ਰਿਹਾ ਹੈ ਕਿ ਸ਼ਾਇਦ ਇਸੇ ਕਰਕੇ ਹੀ ਉਕਤ ਦੋਵੇਂ ਅਹੁਦੇ ਅਜੇ ਤੱਕ ਖਾਲੀ ਹਨ,ਅਤੇ ਇਹ ਦੋਵੇਂ ਖਾਲੀ ਕੁਰਸੀਆਂ ਗੁਰਦੀਪ ਸਿੰਘ ਬਾਠ ਨਾਲ ਸਮਝੌਤੇ ਦਾ ਆਧਾਰ ਬਣ ਸਕਦੀਆਂ ਹਨ ਪ੍ਰੰਤੂ ਇਸ ਪ੍ਰਕਿਰਿਆ ਵਿੱਚ ਮਾਸੀ ਦੇ ਮੁੰਡੇ ਵਾਲਾ ਟੋਟਕਾ ਸਮੱਸਿਆ ਵੀ ਬਣ ਸਕਦਾ ਹੈ। ਸਮਝੌਤੇ ਦੀ ਪ੍ਰਕਿਰਿਆ ਸਬੰਧੀ ਗੁਰਦੀਪ ਸਿੰਘ ਬਾਠ ਦੇ ਇੱਕ ਪੱਕੇ ਸਮਰਥਕ ਨੇ “ਨਾਂਹ” ਵਿੱਚ ਸਿਰ ਹਿਲਾ ਦਿੱਤਾ ਪਰੰਤੂ ਮੈਂਬਰ ਪਾਰਲੀਮੈਂਟ ਖ਼ੇਮੇ ਦੇ ਇੱਕ ਸੀਨੀਅਰ ਆਪ ਆਗੂ ਨੇ ਕਿਹਾ ਕਿ ‘ਰਾਜਨੀਤੀ ਵਿੱਚ ਮਨ ਮੁਟਾਵ ਹੋ ਹੀ ਜਾਂਦੇ ਨੇ ਪਰ ਇਹ ਮਿਟ ਵੀ ਜਾਂਦੇ ਨੇ, ਬਹਿਰਾਲ ਬਰਨਾਲਾ ‘ਚ ਆਪ ਦੇ ਜ਼ਿਲ੍ਹਾ ਪ੍ਰਧਾਨ ਅਤੇ ਯੋਜਨਾ ਕਮੇਟੀ ਦੀ ਕੁਰਸੀ ਆਪਣੇ ਮਾਹੀ ਨੂੰ ਉਡੀਕ ਰਹੀ ਹੈ ਪ੍ਰੰਤੂ ਮਾਹੀ ਦੀ ਤਲਾਸ਼ ਵਿੱਚ ਹੋ ਰਹੀ ਦੇਰੀ ਕਿਤੇ ਨਾ ਕਿਤੇ ਇਹ ਸੰਕੇਤ ਦੇ ਰਹੀ ਹੈ ਕਿ ਜਾਂ ਤਾਂ ਸਾਬਕਾ ਮਾਹੀ ਨਾਲ ਸਮਝੌਤੇ ਦੀ ਸੰਭਾਵਨਾ ਹੈ ਜਾਂ “ਕੱਲੀ ਕਲਾਪੀ ਜਿੰਦ ਬਹੁਤੇ ਮੁਲਾਹਜ਼ੇਦਾਰਾਂ” ਦੀ ਮੁਹੱਬਤ ਵਿੱਚ ਫਸੀ ਹੋਈ ਹੈ। ‌

Gee98 Ads
error: Content is protected !!