Skip to main content

Gee 98News

ਤੀਲੀ ਤੋਂ ਲੌਂਗ ਤਾਂ ਬਣ ਗਿਆ..ਹੁਣ ਵੇਖਦੇ ਆਂ ਕਿ ਲੌਂਗ ਤੋਂ ਕੋਕਾ ਬਣੇਗਾ ਜਾਂ ਨਹੀਂ…ਸਰਕਾਰ ਤੇ ਤਹਿਸੀਲਦਾਰਾਂ ‘ਚ ਫਸ ਗਿਆ ਪੇਚ

-ਪੰਜਾਬ ‘ਚ ਤਹਿਸੀਲਦਾਰਾਂ ਦੀ ਸ਼ੁੱਕਰਵਾਰ ਤੱਕ ਕੀਤੀ ਹੜ੍ਹਤਾਲ ‘ਤੇ ਸਰਕਾਰ ਅਤੇ ਤਹਿਸੀਲਦਾਰਾਂ ‘ਚ ਪੇਚ ਫਸ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਹਿਸੀਲਦਾਰਾਂ ਦੀ ਹੜ੍ਹਤਾਲ ‘ਤੇ ਕਰੜਾ ਰੁੱਖ ਅਖਤਿਆਰ ਕੀਤਾ ਹੈ। ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਹਿਸੀਲਦਾਰਾਂ ਨੂੰ ਹੜ੍ਹਤਾਲ ਮੁਬਾਰਕ ਕਹਿੰਦੇ ਹੋਏ ਲਿਖਿਆ ਕਿ “ਹੜਤਾਲ ਤੋਂ ਬਾਅਦ ਕਦੋਂ ਅਤੇ ਕਿੱਥੇ ਜੁਆਇਨ ਕਰਵਾਉਣਾ ਹੈ ਇਹ ਹੁਣ ਲੋਕ ਦੱਸਣਗੇ”।‌ ਮੁੱਖ ਮੰਤਰੀ ਦੀ ਇਹ ਤਹਿਸੀਲਦਾਰਾਂ ਨੂੰ ਸਿੱਧੀ ਚੇਤਾਵਨੀ ਹੈ ਭਾਵੇਂ ਕਿ ਮੁੱਖ ਮੰਤਰੀ ਦੀ ਸੋਸ਼ਲ ਮੀਡੀਆ ‘ਤੇ ਲਿਖਤ ਵਿੱਚ ਚਿਤਾਵਨੀ ਸ਼ਬਦ ਨਹੀਂ ਵਰਤਿਆ ਗਿਆ ਪ੍ਰੰਤੂ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਮਾਲ ਅਧਿਕਾਰੀਆਂ ਦੇ ਖ਼ਿਲਾਫ਼ ਸਖ਼ਤ ਐਕਸ਼ਨ ਲੈ ਸਕਦੀ ਹੈ, ਜਿਸ ਤਹਿਤ ਉਨਾਂ ਨੂੰ ਸਸਪੈਂਡ ਵੀ ਕੀਤਾ ਜਾ ਸਕਦਾ ਹੈ। ‌ ਮਾਲ ਮਹਿਕਮੇ ਦੇ ਇਹਨਾਂ ਅਫ਼ਸਰਾਂ ਦੇ ਖ਼ਿਲਾਫ਼ ਸਰਕਾਰ ਵੱਲੋਂ ਲਏ ਜਾਣ ਵਾਲੇ ਸਖ਼ਤ ਐਕਸ਼ਨ ਦੇ ਸੰਕੇਤ ਇਸ ਗੱਲ ਤੋਂ ਵੀ ਮਿਲਦੇ ਹਨ ਕਿ ਸਰਕਾਰ ਨੇ ਤਹਿਸੀਲਾਂ ਵਿੱਚ ਕੰਮਕਾਰ ਦੀ ਜ਼ਿੰਮੇਵਾਰੀ ਸੀਨੀਅਰ ਕਾਨੂੰਗੋਜ਼ ਅਤੇ ਪੀਸੀਐਸ ਅਫ਼ਸਰਾਂ ਨੂੰ ਦੇ ਦਿੱਤੀ ਹੈ। ਸਰਕਾਰ ਦਾ ਇਹ ਫੈਸਲਾ ਮਾਲ ਅਧਿਕਾਰੀਆਂ ਦੀ ਹੜਤਾਲ ‘ਤੇ ਡੂੰਘਾ ਅਸਰ ਪਾਵੇਗਾ। ਦੱਸ ਦੇਈਏ ਕਿ ਤਹਿਸੀਲਦਾਰ ਆਪਣੀ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਚਰਨ ਸਿੰਘ ਚੰਨੀ ਦੇ ਖ਼ਿਲਾਫ਼ ਵਿਜੀਲੈਂਸ ਵੱਲੋਂ ਦਰਜ ਕੀਤੇ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਰੱਦ ਕਰਵਾਉਣਾ ਚਾਹੁੰਦੇ ਹਨ ਜਿਨਾਂ ਨੂੰ ਬਰਨਾਲਾ ਜ਼ਿਲ੍ਹੇ ਦੀ ਤਪਾ ਤਹਿਸੀਲ ਵਿੱਚ ਰਿਸ਼ਵਤ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਸੀ। ‌ ਤਹਿਸੀਲਦਾਰਾਂ ਦੀ ਜਥੇਬੰਦੀ ਦੇ ਸੂਬਾ ਪ੍ਰਧਾਨ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਰਿਆਇਤ ਨਾ ਦੇਣ ਦਾ ਸੰਕੇਤ ਮੁੱਖ ਮੰਤਰੀ ਨੇ ਇਹ ਕਹਿੰਦੇ ਹੋਏ ਦੇ ਦਿੱਤਾ ਕਿ ਤਹਿਸੀਲਦਾਰ ਆਪਣੇ ਭ੍ਰਿਸ਼ਟਾਚਾਰੀ ਸਾਥੀਆਂ ਨੂੰ ਬਚਾਉਣਾ ਚਾਹੁੰਦੇ ਹਨ ਪਰੰਤੂ ਪੰਜਾਬ ਸਰਕਾਰ ਭਰਿਸ਼ਟਾਚਾਰ ਦੇ ਸਖ਼ਤ ਖਿਲਾਫ ਹੈ। ‌ ਮੁੱਖ ਮੰਤਰੀ ਨੇ ਹੁਣ ਗੇਂਦ ਤਹਿਸੀਲਦਾਰਾਂ ਦੇ ਵਿਹੜੇ ਸੁੱਟ ਦਿੱਤੀ ਹੈ ਜਾਂ ਤਾਂ ਉਹਨਾਂ ਨੂੰ ਡਿਊਟੀ ਜੁਆਇਨ ਕਰਨੀ ਪਵੇਗੀ ਜਾਂ ਪੰਜਾਬ ਦੀਆਂ ਹਮ ਖ਼ਿਆਲੀ ਮੁਲਾਜ਼ਮ ਜਥੇਬੰਦੀਆਂ ਕੋਲ ਜਾਣਾ ਪਵੇਗਾ। ‌ ਦੂਜੇ ਪਾਸੇ ਆਮ ਲੋਕਾਂ ਵੱਲੋਂ ਸੋਸ਼ਲ ਮੀਡੀਆ ‘ਤੇ ਧੜਾਧੜ ਇਹ ਪੋਸਟਾਂ ਪਾਈਆਂ ਜਾ ਰਹੀਆਂ ਹਨ ਕਿ ਹੜ੍ਹਤਾਲ ‘ਤੇ ਚੱਲ ਰਹੇ ਤਹਿਸੀਲਦਾਰਾਂ ਸਬੰਧੀ ਸਰਕਾਰ ਨੂੰ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਵਰਤਣੀ ਚਾਹੀਦੀ, ਲੋਕ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਏ ਐਕਸ਼ਨ ਦੀ ਸ਼ਲਾਘਾ ਕਰ ਰਹੇ ਹਨ। ਲੋਕਾਂ ਦਾ ਇਹ ਰਵੱਈਆ ਵੀ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਬੈਕਫੁੱਟ ‘ਤੇ ਸੁੱਟ ਰਿਹਾ ਹੈ ਕਿਉਂਕਿ ਹਕੂਮਤਾਂ ਦੇ ਖ਼ਿਲਾਫ਼ ਕਿਸੇ ਸੰਘਰਸ਼ ਦੀ ਕਾਮਯਾਬੀ ਲਈ ਆਮ ਲੋਕਾਂ ਦਾ ਸਹਿਯੋਗ ਜ਼ਰੂਰੀ ਹੁੰਦਾ ਹੈ ਪ੍ਰੰਤੂ ਤਹਿਸੀਲਦਾਰਾਂ ਨੂੰ ਆਮ ਲੋਕਾਂ ਦਾ ਸਹਿਯੋਗ ਨਹੀਂ ਮਿਲ ਰਿਹਾ, ਮੁੱਖ ਮੰਤਰੀ ਭਗਵੰਤ ਮਾਨ ਇਸੇ ਪੁਆਇੰਟ ਦੇ ਅਧਾਰ ‘ਤੇ ਤਹਿਸੀਲਦਾਰਾਂ ਦੇ ਖ਼ਿਲਾਫ਼ ਸਖ਼ਤ ਐਕਸ਼ਨ ਲੈਣ ਦੇ ਮੂਡ ਵਿੱਚ ਹਨ।‌ ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਮਾਲ ਅਧਿਕਾਰੀਆਂ ਦੀ ਹੜਤਾਲ ਦੇ ਮਾਮਲੇ ਵਿੱਚ ਇੱਕੋ ਤੀਰ ਨਾਲ ਦੋ ਸ਼ਿਕਾਰ ਕਰਨਾ ਚਾਹੁੰਦੇ ਹਨ। ਇਹ ਸ਼ਿਕਾਰ ਕਿਹੜੇ ਕਿਹੜੇ ਹੋਣਗੇ, ਇਹ ਆਉਣ ਵਾਲੇ ਦਿਨਾਂ ‘ਚ ਸਾਹਮਣੇ ਆ ਜਾਵੇਗਾ। ‌ ਬਹਰਹਾਲ ! ਮੁੱਖ ਮੰਤਰੀ ਦੇ ਐਕਸ਼ਨ ਤੋਂ ਬਾਅਦ ਹੁਣ ਨਜ਼ਰਾਂ ਤਹਿਸੀਲਦਾਰਾਂ ਦੀ ਜਥੇਬੰਦੀ ‘ਤੇ ਟਿਕੀਆਂ ਹੋਈਆਂ ਹਨ। ਕਨਸੋਆਂ ਇਹ ਵੀ ਹਨ ਕਿ ਸਰਕਾਰ ਤਹਿਸੀਲਦਾਰਾਂ ਦੀ ਜਥੇਬੰਦੀ ‘ਚ ਪਾੜ ਲਾਉਣ ਦੇ ਯਤਨ ਵੀ ਕਰ ਰਹੀ ਹੈ, ਜਿਸ ਲਈ ਸੂਬੇ ਦੇ ਸੀਨੀਅਰ ਅਧਿਕਾਰੀਆਂ ਨੇ ਤਹਿਸੀਲਦਾਰਾਂ ਦੀ ਜਥੇਬੰਦੀ ਦੇ ਕੁਝ ਆਗੂਆਂ ਨਾਲ ਸੰਪਰਕ ਵੀ ਕੀਤਾ ਹੈ। ਇੱਕ ਤਹਿਸੀਲਦਾਰ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਸਰਕਾਰ ਉਹਨਾਂ ਦੀ ਜਥੇਬੰਦੀ ਨੂੰ ਦੋਫਾੜ ਕਰਨਾ ਚਾਹੁੰਦੀ ਹੈ ਤਾਂ ਜੋ ਕੁਝ ਤਹਿਸੀਲਦਾਰ ਕੰਮ ‘ਤੇ ਵਾਪਸ ਆ ਸਕਣ, ਉਸ ਤਹਿਸੀਲਦਾਰ ਨੇ ਕਿਹਾ ਕਿ ਮੁੱਖ ਮੰਤਰੀ ਨੇ ਸਾਨੂੰ ਹੜ੍ਹਤਾਲ ਮੁਬਾਰਕ ਦਿੱਤੀ ਹੈ ਅਤੇ ਅਸੀਂ ਮੁੱਖ ਮੰਤਰੀ ਨੂੰ ਉਹਨਾਂ ਦਾ ਐਕਸ਼ਨ ਮੁਬਾਰਕ ਕਹਿੰਦੇ ਹਾਂ, ਉਹਨਾਂ ਕਿਹਾ ਕਿ ਜਲਦੀ ਹੀ ਸੰਘਰਸ਼ ਦੀ ਨਵੀਂ ਰੂਪ ਰੇਖਾ ਉਲੀਕੀ ਜਾਵੇਗੀ ਜੋ ਗੁਪਤ ਰੱਖੀ ਜਾਵੇਗੀ।

error: Content is protected !!