ਚੰਡੀਗੜ੍ਹ,5 ਮਾਰਚ, Gee98 news service
-ਪੰਜਾਬ ਪੁਲਿਸ ਨੂੰ ਪੂਰੀ ਅਨੁਸ਼ਾਸਨਬੱਧ ਫੋਰਸ ਮੰਨਿਆ ਜਾਂਦਾ ਹੈ। ਪੰਜਾਬ ਪੁਲਿਸ ਦੇ ਥਾਣਾ ਪੱਧਰ ਦੇ ਅਧਿਕਾਰੀ ਆਪਣੇ ਉੱਚ ਅਧਿਕਾਰੀਆਂ ਦੇ ਹੁਕਮਾਂ ਨੂੰ ਪੂਰਾ ਕਰਨ ਲਈ ਕਿਸੇ ਵੀ ਪੱਧਰ ਤੱਕ ਚਲੇ ਜਾਂਦੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਯੁਕਤ ਕਿਸਾਨ ਮੋਰਚਾ ਨਾਲ ਸੋਮਵਾਰ ਹੋਈ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਕਿਸਾਨਾਂ ਦੇ ਚੰਡੀਗੜ੍ਹ 5 ਮਾਰਚ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ 4 ਮਾਰਚ ਨੂੰ ਦਿਨ ਚੜਦੇ ਹੀ ਕਿਸਾਨ ਆਗੂਆਂ ਦੀ ਗ੍ਰਿਫਤਾਰ ਸ਼ੁਰੂ ਹੋ ਗਈ। ਉੱਪਰਲੇ ਹੁਕਮਾਂ ‘ਤੇ ਥਾਣਾ ਪੱਧਰ ਦੇ ਪੁਲਿਸ ਅਧਿਕਾਰੀਆਂ ਨੇ ਪਿੰਡਾਂ ‘ਚ ਕਿਸਾਨ ਆਗੂਆਂ ਦੇ ਘਰੇ ਸਵੇਰੇ 4 ਵਜੇ ਹੀ ਛਾਪਾਮਾਰੀ ਕਰ ਦਿੱਤੀ। ਇਹਨਾਂ ਹੁਕਮਾਂ ਦੀ ਪਾਲਣਾ ਲਈ ਕਸਬਾ ਦੁਸਾਂਝ ਕਲਾਂ ਵਿਖੇ ਪੰਜਾਬ ਪੁਲਿਸ ਦੀ ਇੱਕ ਟੁਕੜੀ ਕਿਸਾਨ ਆਗੂ ਮਾਸਟਰ ਸ਼ਿੰਗਾਰਾ ਸਿੰਘ ਦੁਸਾਂਝ ਨੂੰ ਗ੍ਰਿਫਤਾਰ ਕਰਨ ਲਈ ਸਵੇਰੇ 4 ਵਜੇ ਉਹਨਾਂ ਦੇ ਘਰ ਪੁੱਜੀ। ਪੁਲਿਸ ਵਾਲਿਆਂ ਨੇ ਸਵੇਰੇ 4 ਵਜੇ ਮਾਸਟਰ ਸ਼ਿੰਗਾਰਾ ਸਿੰਘ ਦੁਸਾਂਝ ਦੇ ਘਰ ਦਾ ਦਰਵਾਜ਼ਾ ਖੜਕਾਇਆ ਜਿਸ ਤੋਂ ਬਾਅਦ ਉਹਨਾਂ ਦੀ ਪਤਨੀ ਬਲਦੀਸ਼ ਕੌਰ ਅਤੇ ਬੇਟੀ ਬਲਵਿੰਦਰ ਕੌਰ ਬਾਹਰ ਆਈਆਂ ਤਾਂ ਪੁਲਿਸ ਵਾਲਿਆਂ ਨੇ ਕਿਹਾ ਕਿ ਸਿੰਗਾਰਾ ਸਿੰਘ ਨਾਲ ਗੱਲ ਕਰਨੀ ਹੈ। ਸਿੰਗਾਰਾ ਸਿੰਘ ਦੀ ਪਤਨੀ ਬਲਦੀਸ਼ ਕੌਰ ਨੇ ਪੁਲਿਸ ਪਾਰਟੀ ਨੂੰ ਜਵਾਬ ਦਿੱਤਾ ਕਿ ਸ਼ਿੰਗਾਰਾ ਸਿੰਘ ਤਾਂ ਕਰੀਬ ਇੱਕ ਸਾਲ ਪਹਿਲਾਂ ਅਕਾਲ ਚਲਾਣਾ ਕਰਕੇ ਸਨ, ਜਿਸ ਤੋਂ ਬਾਅਦ ਪੁਲਿਸ ਵਾਲੇ ਘੁਸਰ ਮੁਸਰ ਕਰਨ ਲੱਗ ਪਏ। ਮਰਹੂਮ ਸ਼ਿੰਗਾਰਾ ਦੀ ਪਤਨੀ ਬਲਦੀਸ਼ ਕੌਰ ਨੇ ਦੱਸਿਆਂ ਕਿ ਪੁਲਿਸ ਵਾਲੇ ਘਰ ਆਏ ਤਾਂ ਪੁੱਛਗਿੱਛ ਕੀਤੀ ਕਿ ਮਾ. ਸ਼ਿੰਗਾਰਾ ਸਿੰਘ ਦੁਸਾਂਝ ਨੂੰ ਮਿਲਣਾ ਚਾਹੁੰਦੇ ਹਨ। ਉਨ੍ਹਾਂ ਪੁਲਿਸ ਵਾਲਿਆਂ ਨੂੰ ਦੱਸਿਆ ਕਿ ਸ਼ਿੰਗਾਰਾ ਸਿੰਘ ਦੁਸਾਂਝ ਦੀ 20-11-2023 ਮੌਤ ਹੋ ਗਈ ਸੀ। ਉਨ੍ਹਾਂ ਦੇ ਅੰਤਿਮ ਸਸਕਾਰ ਵਾਲੇ ਦਿਨ ਸਰਕਾਰੀ ਅਮਲਾ ਜਿਨ੍ਹਾਂ ਵਿਚ ਸੀਆਈਡੀ ਸਟਾਫ ਤੇ ਹੋਰ ਪੁਲਿਸ ਪ੍ਰਸ਼ਾਸਨ ਪਹੁੰਚਿਆ ਹੋਇਆ ਸੀ। ਪੁਲਿਸ ਪ੍ਰਸ਼ਾਸਨ ਨੇ ਦਰਵਾਜ਼ਾ ਖੁਲ੍ਹਵਾ ਕੇ ਪਤਨੀ ਬਲਦੀਸ ਕੌਰ ਤੇ ਬੇਟੀ ਬਲਵਿੰਦਰ ਕੌਰ ਨਾਲ ਗੱਲਬਾਤ ਤੇ ਫਿਰ ਵਾਪਸੇ ਚਲੇ ਗਏ। ਇਸ ਸਬੰਧੀ ਐੱਸਐੱਚਓ ਗੁਰਾਇਆ ਗੁਰਸਰਨ ਸਿੰਘ ਨੇ ਕਿਹਾ ਕਿ ਪੁਲਿਸ ਚੌਕੀ ਇੰਚਾਰਜ ਦੇ ਧਿਆਨ ਵਿਚ ਨਹੀਂ ਸੀ ਇਸ ਕਰਕੇ ਮਾ. ਸ਼ਿੰਗਾਰਾ ਸਿੰਘ ਦੇ ਘਰ ਛਾਪੇਮਾਰੀ ਕਰਨ ਲਈ ਪਹੁੰਚੇ ਸਨ। ਇਹ ਵੀ ਦੱਸਣਯੋਗ ਹੈ ਕਿ ਪੁਲਿਸ ਚੌਕੀ ਵੀ ਦੁਸਾਂਝ ਕਲਾਂ ਵਿਚ ਹੀ ਬਣੀ ਹੋਈ ਹੈ।