ਕੇਂਦਰ ਦੀ ਨਵੀਂ ਯੋਜਨਾ…NHAI ਹੋਵੇਗੀ ਨੋਡਲ ਏਜੰਸੀ
-ਸੜਕ ਹਾਦਸਿਆਂ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਇਸ ਮਹੀਨੇ ਤੋਂ ਡੇਢ ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲੇਗਾ। ਪੂਰੇ ਦੇਸ਼ ਵਿੱਚ ਇਸ ਪ੍ਰਣਾਲੀ ਨੂੰ ਲਾਗੂ ਕੀਤਾ ਜਾਵੇਗਾ। NHAI ਇਸ ਲਈ ਨੋਡਲ ਏਜੰਸੀ ਵਜੋਂ ਕੰਮ ਕਰੇਗਾ।ਇਸ ਯੋਜਨਾ ਲਈ ਮੋਟਰ ਵਹੀਕਲ ਐਕਟ 1988 ਦੀ ਧਾਰਾ 162 ‘ਚ ਪਹਿਲਾਂ ਹੀ ਸੋਧ ਕੀਤੀ ਜਾ ਚੁੱਕੀ ਹੈ। ਇਸ ਯੋਜਨਾ ਤਹਿਤ ਦੇਸ਼ ‘ਚ ਕਿਤੇ ਵੀ ਸੜਕ ਹਾਦਸਾ ਹੋਣ ਦੀ ਸੂਰਤ ‘ਚ ਜ਼ਖਮੀ ਵਿਅਕਤੀ ਨੂੰ ਇਲਾਜ ਲਈ ਕੇਂਦਰ ਸਰਕਾਰ ਵੱਲੋਂ ਵੱਧ ਤੋਂ ਵੱਧ ਡੇਢ ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ। ਜ਼ਖਮੀ ਵਿਅਕਤੀ 7 ਦਿਨਾਂ ਤੱਕ ਹਸਪਤਾਲ ਵਿੱਚ ਇਲਾਜ ਕਰਵਾ ਸਕੇਗਾ। NHAI 1.5 ਲੱਖ ਰੁਪਏ ਤੱਕ ਦੇ ਨਕਦੀ ਰਹਿਤ ਇਲਾਜ ਦੇ ਭੁਗਤਾਨ ਵਿੱਚ ਨੋਡਲ ਏਜੰਸੀ ਵਜੋਂ ਕੰਮ ਕਰੇਗਾ, ਮਰੀਜ਼ ਜਾਂ ਉਸਦੇ ਪਰਿਵਾਰ ਨੂੰ ਇਲਾਜ ਤੋਂ ਬਾਅਦ 1.5 ਲੱਖ ਰੁਪਏ ਤੱਕ ਦਾ ਭੁਗਤਾਨ ਨਹੀਂ ਕਰਨਾ ਪਵੇਗਾ। ਜੇ ਇਲਾਜ ਦੀ ਲਾਗਤ 1.5 ਲੱਖ ਰੁਪਏ ਤੋਂ ਵੱਧ ਹੈ, ਤਾਂ ਵਧੇ ਹੋਏ ਬਿੱਲ ਦਾ ਭੁਗਤਾਨ ਮਰੀਜ਼ ਜਾਂ ਪਰਿਵਾਰ ਨੂੰ ਕਰਨਾ ਪਵੇਗਾ। ਸੂਤਰਾਂ ਦਾ ਕਹਿਣਾ ਹੈ ਕਿ 1.5 ਲੱਖ ਰੁਪਏ ਦੀ ਰਕਮ ਨੂੰ ਵਧਾ ਕੇ 2 ਲੱਖ ਰੁਪਏ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਜਿਵੇਂ ਹੀ ਜ਼ਖਮੀ ਨੂੰ ਪੁਲਿਸ ਜਾਂ ਕਿਸੇ ਆਮ ਨਾਗਰਿਕ ਜਾਂ ਸੰਸਥਾ ਵੱਲੋਂ ਹਸਪਤਾਲ ਲਿਜਾਇਆ ਜਾਵੇਗਾ, ਉਸ ਦਾ ਇਲਾਜ ਤੁਰੰਤ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਦੇ ਲਈ ਕੋਈ ਫੀਸ ਵੀ ਜਮ੍ਹਾ ਨਹੀਂ ਕਰਵਾਉਣੀ ਪਵੇਗੀ। ਜ਼ਖਮੀਆਂ ਦੇ ਨਾਲ ਪਰਿਵਾਰਕ ਮੈਂਬਰ ਹੋਣ ਜਾਂ ਨਾ ਹੋਣ, ਹਸਪਤਾਲ ਉਨ੍ਹਾਂ ਦੀ ਦੇਖਭਾਲ ਕਰੇਗਾ। ਨਿੱਜੀ ਅਤੇ ਸਰਕਾਰੀ ਦੋਵਾਂ ਹਸਪਤਾਲਾਂ ਨੂੰ ਨਕਦੀ ਰਹਿਤ ਇਲਾਜ ਪ੍ਰਦਾਨ ਕਰਨਾ ਪਏਗਾ। 14 ਮਾਰਚ 2024 ਨੂੰ, ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਸੜਕ ਹਾਦਸੇ ਦੇ ਪੀੜਤਾਂ ਨੂੰ ਨਕਦੀ ਰਹਿਤ ਇਲਾਜ ਪ੍ਰਦਾਨ ਕਰਨ ਲਈ ਪਾਇਲਟ ਪ੍ਰੋਜੈਕਟ ਕੈਸ਼ਲੈਸ ਇਲਾਜ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ 7 ਜਨਵਰੀ 2025 ਨੂੰ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਦੇਸ਼ ਭਰ ‘ਚ ਇਸ ਯੋਜਨਾ ਦੀ ਅਧਿਕਾਰਤ ਸ਼ੁਰੂਆਤ ਦਾ ਐਲਾਨ ਕੀਤਾ।