Gee 98News

ਬਾਜ਼ੀ ਮਾਰ ਗਿਆ ਹਾਥੀ ਵਾਲਾ ਗੱਭਰੂ,ਝਾੜੂ ਵਾਲੇ ਰਹਿ ਗਏ ਤੱਕਦੇ…!

-ਪੰਜਾਬ ਸਰਕਾਰ ਨੇ ਜਸਵੀਰ ਸਿੰਘ ਗੜੀ ਨੂੰ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਇਸ ਸਬੰਧੀ ਸਬੰਧਿਤ ਵਿਭਾਗ ਵੱਲੋਂ ਅੱਜ ਬਕਾਇਦਾ ਨੋਟੀਫਿਕੇਸ਼ਨ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਜਸਵੀਰ ਸਿੰਘ ਗੜੀ ਅਜੇ ਦੋ ਕੁ ਮਹੀਨੇ ਪਹਿਲਾਂ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਸਨ। ‌ਉਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਵਿੱਚ ਸ਼ਾਮਿਲ ਕੀਤਾ ਸੀ। ‌ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ‌ ਜਸਵੀਰ ਸਿੰਘ ਗੜੀ ਲਗਭਗ ਛੇ ਸਾਲਾਂ ਤੱਕ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਰਹੇ ਪਰੰਤੂ ਉਹਨਾਂ ਨੂੰ ਪਾਰਟੀ ਸੁਪਰੀਮੋ ਨੇ ਅਨੁਸ਼ਾਸਨਹੀਣਤਾ ਦੇ ਦੋਸ਼ਾਂ ਤਹਿਤ ਬਹੁਜਨ ਸਮਾਜ ਪਾਰਟੀ ‘ਚੋਂ ਕੱਢ ਦਿੱਤਾ ਸੀ, ਜਿਸ ਤੋਂ ਬਾਅਦ ਕੁਝ ਸਮਾਂ ਜਸਵੀਰ ਸਿੰਘ ਗੜੀ ਚੁੱਪ ਰਹੇ ਅਤੇ ਫਿਰ ਅਚਾਨਕ ਉਹਨਾਂ ਨੇ ਝਾੜੂ ਚੁੱਕ ਲਿਆ। ‌ ਮੁੱਖ ਮੰਤਰੀ ਭਗਵੰਤ ਮਾਨ ਨੇ ਜਸਵੀਰ ਸਿੰਘ ਗੜੀ ਨੂੰ “ਆਪ” ਜੁਆਇਨ ਕਰਨ ਦਾ ਵੱਡਾ ਇਨਾਮ ਦਿੰਦੇ ਹੋਏ ਇੱਕ ਵੱਡੇ ਅਹੁਦੇ ਨਾਲ ਨਿਵਾਜਿਆ ਹੈ। ਇਸ ਨਿਯੁਕਤੀ ਨਾਲ ਭਾਵੇਂ ਜਸਵੀਰ ਸਿੰਘ ਗੜੀ ਅਤੇ ਉਹਨਾਂ ਦੇ ਸਾਥੀਆਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਪਰੰਤੂ ਦੂਜੇ ਪਾਸੇ ਐਸਸੀ ਕਮਿਸ਼ਨ ਦੀ ਕੁਰਸੀ ‘ਤੇ ਲੰਮੇ ਸਮੇਂ ਤੋਂ ਅੱਖ ਰੱਖੀ ਬੈਠੇ ਆਮ ਆਦਮੀ ਪਾਰਟੀ ਦੇ ਟਕਸਾਲੀ ਆਗੂਆਂ ਦੇ ਸੁਪਨੇ ਧਰੇ ਧਰਾਏ ਰਹਿ ਗਏ ਹਨ। ਐਸਸੀ ਕਮਿਸ਼ਨ ਦਾ ਅਹੁਦਾ ਕਾਫੀ ਸਮੇਂ ਤੋਂ ਖਾਲੀ ਸੀ ਅਤੇ ਆਮ ਆਦਮੀ ਪਾਰਟੀ ਦੇ ਦਲਿਤ ਵਰਗ ਦੇ ਬਹੁਤੇ ਆਗੂਆਂ ਨੇ ਇਸ ਕੁਰਸੀ ‘ਤੇ ਬਿਰਾਜਮਾਨ ਹੋਣ ਲਈ ਲਾਬਿੰਗ ਵੀ ਸ਼ੁਰੂ ਕੀਤੀ ਹੋਈ ਸੀ ਪਰੰਤੂ “ਆਪ” ਦੇ ਇਨਾਂ ਟਕਸਾਲੀ ਆਗੂਆਂ ਦੇ ਸਾਰੇ ਯਤਨ ਬੇਕਾਰ ਸਾਬਤ ਹੋਏ ਅਤੇ ‌ਦੋ ਕੁ ਮਹੀਨੇ ਪਹਿਲਾ “ਆਪ” ‘ਚ ਸ਼ਾਮਿਲ ਹੋਏ ਜਸਵੀਰ ਸਿੰਘ ਗੜੀ ਬਾਜ਼ੀ ਮਾਰ ਗਏ।‌‌

error: Content is protected !!