Skip to main content

Gee 98News

ਕੌਣ ਹੈ ਬਠਿੰਡੇ ਵਾਲਾ IPS ਅਫਸਰ…ਮਹਿਲਾ ਕਾਂਸਟੇਬਲ ਨਾਲ ਕੀ ਨੇ ਸਬੰਧ…ਕੌਣ ਫੇਰੇਗਾ ਪੁਲਿਸ ਦੀ ਪੀੜੀ ਥੱਲੇ ਸੋਟਾ…?

ਬਠਿੰਡਾ ਵਿਖੇ ਚਿੱਟੇ ਸਮੇਤ ਫੜੀ ਗਈ ਮਹਿਲਾ ਕਾਂਸਟੇਬਲ ਦੀ ਪੰਜਾਬ ਪੁਲਿਸ ਦੇ ਵੱਡੇ ਅਫ਼ਸਰਾਂ ਨਾਲ ਨੇੜਤਾ ਦੀ ਕਹਾਣੀ ਸਰਕਾਰ ਅਤੇ ਪੁਲਿਸ ਦੇ ਗਲੇ ਦੀ ਹੱਡੀ ਬਣੀ ਹੋਈ ਹੈ। ਭਾਵੇਂ ਇਹ ਕੋਈ ਪਹਿਲਾਂ ਮਾਮਲਾ ਨਹੀਂ ਜਦੋਂ ਪੰਜਾਬ ਪੁਲਿਸ ਦੇ ਵੱਡੇ ਅਫ਼ਸਰਾਂ ਦੀ ਫੋਰਸ ਦੀਆਂ ਮਹਿਲਾ ਮੁਲਾਜ਼ਮਾਂ ਦੇ ਨਾਲ ਸੰਬੰਧਾਂ ਦੀ ਚਰਚਾ ਸ਼ੁਰੂ ਹੋਈ ਹੋਵੇ, ਇਸ ਤੋਂ ਪਹਿਲਾਂ ਵੀ ਅਜਿਹੇ ਮਾਮਲੇ ਦੇ ਉਜਾਗਰ ਹੁੰਦੇ ਰਹੇ ਹਨ ਪ੍ਰੰਤੂ ਪੁਲਿਸ ਨੇ ਕਬੱਡੀ ਆਈਪੀਐਸ ਅਫ਼ਸਰ ਦੀ ਨੇੜਤਾ ਵਾਲੀ ਮਹਿਲਾ ਕਾਂਸਟੇਬਲ ਦੀ ਨਸ਼ਾ ਤਸਕਰੀ ‘ਚ ਸ਼ਮੂਲੀਅਤ ਨੇ ਅਨੇਕਾਂ ਤਰ੍ਹਾਂ ਦੇ ਸਵਾਲ ਖੜੇ ਕੀਤੇ ਹਨ ਕਿ ਕੀ ਹੁਣ ਚਰਚਿਤ ਆਈਪੀਐਸ ਅਫ਼ਸਰ ਦੇ ਖ਼ਿਲਾਫ਼ ਕੋਈ ਜਾਂਚ ਕੀਤੀ ਜਾਵੇਗੀ ? ਸਭ ਤੋਂ ਵੱਡਾ ਸਵਾਲ ਤਾਂ ਇਹੀ ਹੈ ਕਿ ਆਪਣੇ ਤੋਂ ਕਈ ਰੈਂਕ ਘੱਟ ਵਾਲੀ ਮਹਿਲਾ ਮੁਲਾਜ਼ਮ ਦੇ ਨਾਲ ਆਈਪੀਐਸ ਅਫ਼ਸਰ ਦੇ ਕਿਹੋ ਜਿਹੇ ਸਬੰਧ ਹੋ ਸਕਦੇ ਹਨ ? ਇਸ ਮਾਮਲੇ ਨੇ ਪੰਜਾਬ ਪੁਲਿਸ ਦੇ ਵੱਡੇ ਅਫ਼ਸਰਾਂ ਦੇ ਕਿਰਦਾਰ ‘ਤੇ ਵੀ ਸਿੱਧੀ ਉਂਗਲੀ ਰੱਖ ਦਿੱਤੀ ਹੈ। ‌ ਇਸ ਤੋਂ ਪਹਿਲਾਂ ਵੀ ਕਈ ਮਾਮਲੇ ਅਜਿਹੇ ਸਾਹਮਣੇ ਆਏ ਹਨ ਜਦੋਂ ਪੰਜਾਬ ਪੁਲਿਸ ਦੇ ਵੱਡੇ ਅਫ਼ਸਰ “ਸੁੰਦਰਤਾ” ਦੇ ਜਾਲ ਵਿੱਚ ਫਸੇ ਹਨ ਪਰੰਤੂ ਇਸ ਮਾਮਲੇ ਨਾਲ ਜੁੜਿਆ ਇੱਕ ਵੱਡਾ ਪੱਖ ਇਹ ਵੀ ਹੈ ਕਿ ਚਰਚਿਤ ਆਈਪੀਐਸ ਅਫ਼ਸਰ ਪੰਜਾਬ ਸਰਕਾਰ ਦਾ ਚਹੇਤਾ ਹੈ। ‌ ਇੱਥੇ ਸਵਾਲ ਇਹ ਵੀ ਉੱਠਦਾ ਹੈ ਕਿ ਕੀ ਚਰਚਿਤ ਆਈਪੀਐਸ ਅਫ਼ਸਰ ਦੇ ਦੋਸ਼ੀ ਮਹਿਲਾ ਕਾਂਸਟੇਬਲ ਨਾਲ ਸਿਰਫ਼ ਦੋਸਤਾਨਾ ਸੰਬੰਧ ਸਨ ਜਾਂ ਫਿਰ ਇਹ ਸਬੰਧ ਚਿੱਟੀ ਚਮੜੀ ਤੱਕ ਵਧੇ ਹੋਏ ਸਨ ਜਾਂ ਫਿਰ ਉਸ ਤੋਂ ਵੀ ਅੱਗੇ ਆਈਪੀਐਸ ਅਫ਼ਸਰ ਦੇ ਮਹਿਲਾ ਕਾਂਸਟੇਬਲ ਨਾਲ ਇਹ ਸੰਬੰਧ “ਚਿੱਟੇ” ਦੇ ਗੋਰਖਧੰਦੇ ਤੱਕ ਬਣੇ ਹੋਏ ਸਨ। ਮਹਿਲਾ ਕਾਂਸਟੇਬਲ ਦੀ ਚਿੱਟੇ ਸਮੇਤ ਗ੍ਰਿਫ਼ਤਾਰੀ ਤੋਂ ਬਾਅਦ ਘੇਰੇ ਵਿੱਚ ਆਇਆ ਆਈਪੀਐਸ ਅਫਸਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਦਾ ਚਹੇਤਾ ਅਫਸਰ ਹੈ ਅਤੇ ਮਾਨ ਸਰਕਾਰ ਨੇ ਆਪਣੇ ਵਿਰੋਧਿਆਂ ਦੀ ਸਿਆਸੀ ਮੰਜੀ ਠੋਕਣ ਲਈ ਇਸ ਅਫ਼ਸਰ ਦੀਆਂ ਕਈ ਵਾਰ ਸੇਵਾਵਾਂ ਲਈਆਂ ਹਨ ਅਤੇ ਹੁਣ ਆਪ ਸਰਕਾਰ ਦੇ ਵਕਾਰ ਦਾ ਸਵਾਲ ਬਣੀ ਲੁਧਿਆਣਾ ਦੀ ਜ਼ਿਮਨੀ ਚੋਣ ਜਿੱਤਣ ਲਈ ਵੀ ਇਸ ਆਈਪੀਐਸ ਅਫ਼ਸਰ ਨੂੰ ਅਸਿੱਧੇ ਤੌਰ ‘ਤੇ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਸ ਮਾਮਲੇ ‘ਚ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਉਸ ਵੇਲੇ ਕਸੂਤੀ ਸਥਿਤੀ ਵਿੱਚ ਫਸ ਗਈ ਜਦੋਂ ਮਹਿਲਾ ਕਾਂਸਟੇਬਲ ਦੇ ਕਥਿਤ ਪ੍ਰੇਮੀ ਦੀ ਪਤਨੀ ਨੇ ਸ਼ਰੇਬਾਜ਼ਾਰ ਮਹਿਲਾ ਕਾਂਸਟੇਬਲ ਦੇ ਵੱਡੇ ਅਫ਼ਸਰਾਂ ਨਾਲ ਸੰਬੰਧਾਂ ਦਾ ਜ਼ਿਕਰ ਕੀਤਾ। ਦੋਸ਼ੀ ਮਹਿਲਾ ਕਾਂਸਟੇਬਲ ਦੀ ਲਗਜ਼ਰੀ ਲਾਈਫ ਵੀ ਇਸ ਸਪੱਸ਼ਟ ਬਿਆਨ ਕਰਦੀ ਹੈ ਕਿ ਕੋਈ ਛੋਟੇ ਰੈਂਕ ਦੀ ਮੁਲਾਜ਼ਮ ਆਪਣੇ ਪੱਧਰ ‘ਤੇ ਨਸ਼ਾ ਤਸਕਰੀ ਦਾ ਕਾਰੋਬਾਰ ਨਹੀਂ ਕਰ ਸਕਦੀ। ‌ ਇਹ ਵੀ ਦੇਖਣਯੋਗ ਹੋਵੇਗਾ ਕਿ ਕੀ ਪੰਜਾਬ ਪੁਲਿਸ ਇਸ ਮਹਿਲਾ ਕਾਂਸਟੇਬਲ ਤੱਕ ਚਿੱਟੇ ਦੀ ਸਪਲਾਈ ਕਰਨ ਵਾਲਿਆਂ ਨੂੰ ਨੰਗੇ ਕਰਦੀ ਹੈ ਜਾਂ ਨਹੀਂ, ਜਿਸ ਦੀ ਸੰਭਾਵਨਾ ਘੱਟ ਹੀ ਹੈ। ਸੋਸ਼ਲ ਮੀਡੀਆ ‘ਤੇ ਲੋਕ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੇ ਸਵਾਲ ਕਰ ਰਹੇ ਹਨ ਕਿ ਕੀ ਉਹਨਾਂ ਦਾ ਬਲਡੋਜ਼ਰ ਉਸ ਮਹਿਲਾ ਕਾਂਸਟੇਬਲ ਦੀ ਪ੍ਰੋਪਰਟੀ ਤੱਕ ਪੁੱਜੇਗਾ ? ਇੱਥੇ ਇਹ ਵੀ ਧਿਆਨ ਰਹੇ ਕਿ ਇਹ ਪੰਜਾਬ ਪੁਲਿਸ ਦੀ ਕੋਈ ਪਹਿਲੀ ਮੁਲਾਜ਼ਮ ਨਹੀਂ ਹੈ ਜਿਹੜੀ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਿਲ ਹੋਣ ਦੇ ਦੋਸ਼ਾਂ ਤਹਿਤ ਫੜੀ ਗਈ ਹੈ। ਇਸ ਤੋਂ ਪਹਿਲਾਂ ਵੀ ਕਈ ਪੁਲਿਸ ਮੁਲਾਜ਼ਮ ਨਸ਼ੇ ਦੇ ਕਾਰੋਬਾਰ ‘ਚ ਸ਼ਾਮਿਲ ਹੋਣ ਦੇ ਦੋਸ਼ਾਂ ਤਹਿਤ ਫੜੇ ਗਏ ਹਨ ਪਰ ਉਹਨਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਦੀ ਕਹਾਣੀ ਕਿਸੇ ਨੂੰ ਵੀ ਨਹੀਂ ਪਤਾ ਹੈ। ਇਹਨਾਂ ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਦੇ ਨਾਲ ਹੀ ਇਹਨਾਂ ਮੁਲਾਜ਼ਮਾਂ ਦੀ ਗ੍ਰਿਫ਼ਤਾਰੀ ਦੀ ਕਹਾਣੀ ਖ਼ਤਮ ਹੋ ਜਾਂਦੀ ਹੈ ਪ੍ਰੰਤੂ ਹੁਣ ਫੜੀ ਗਈ ਮਹਿਲਾ ਕਾਂਸਟੇਬਲ ਦੇ ਸੰਬੰਧਾਂ ਦੀ ਆਈਪੀਐਸ ਅਫਸਰਾਂ ਸਮੇਤ ਹੋਰ ਵੱਡੇ ਅਫਸਰਾਂ ਨਾਲ ਚਰਚਾ ਨੇ ਪੰਜਾਬ ਪੁਲਿਸ ਦੀ ਨਸ਼ੇ ਦੇ ਖਿਲਾਫ਼ ਵਿੱਢੀ ਮੁਹਿੰਮ ‘ਤੇ ਵੱਡੇ ਸਵਾਲੀਆ ਨਿਸ਼ਾਨ ਖੜੇ ਕੀਤੇ ਹਨ, ਵੇਖਣਾ ਹੋਵੇਗਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਵੱਡੇ ਸਵਾਲਾਂ ਦੇ ਨਿਸ਼ਾਨਾ ਨੂੰ ਕਿਵੇਂ ਮਿਟਾਉਂਦੇ ਹਨ। ਉੰਝ ਭਾਵੇਂ ਪੰਜਾਬ ਦੇ ਮੁੱਖ ਮੰਤਰੀ ‘ਤੇ ਭ੍ਰਿਸ਼ਟਾਚਾਰ ਜਾਂ ਹੋਰ ਕਿਸੇ ਤਰ੍ਹਾਂ ਸਿੱਧੇ ਤੌਰ ‘ਤੇ ਕੋਈ ਦੋਸ਼ ਅਜੇ ਤੱਕ ਨਹੀਂ ਲੱਗੇ, ਪਰੰਤੂ ਬਠਿੰਡੇ ਵਾਲੀ ਮਹਿਲਾ ਕਾਂਸਟੇਬਲ ਦੀ ਗ੍ਰਿਫ਼ਤਾਰੀ ਅਤੇ ਉਸਦੇ ਵੱਡੇ ਪੁਲਿਸ ਅਫਸਰਾਂ ਨਾਲ ਸੰਬੰਧਾਂ ਦੀ ਚਰਚਾ ਤੋਂ ਬਾਅਦ ਸਭ ਦੀਆਂ ਨਜ਼ਰਾਂ ਭਗਵੰਤ ਮਾਨ ‘ਤੇ ਟਿਕੀਆਂ ਹੋਈਆਂ ਹਨ। ‌

Gee98 Ads
error: Content is protected !!