ਬਰਨਾਲਾ, 7 ਅਪ੍ਰੈਲ (ਨਿਰਮਲ ਸਿੰਘ ਪੰਡੋਰੀ)-
-ਦੋ ਦਿਨ ਪਹਿਲਾਂ ਬਰਨਾਲਾ ਦੀ ਅਨਾਜ ਮੰਡੀ ‘ਚ ਬਣੀਆਂ ਝੁੱਗੀਆਂ ‘ਚ ਰਹਿਣ ਵਾਲੇ ਇੱਕ ਪਰਿਵਾਰ ਦੇ ਅਗਵਾ ਕੀਤੇ ਦੋ ਸਾਲ ਦੇ ਬੱਚੇ ਨੂੰ ਬਰਨਾਲਾ ਪੁਲਿਸ ਨੇ ਅਗਵਾਕਾਰਾਂ ਦੇ ਚੁੰਗਲ ‘ਚੋਂ ਛੁਡਾਉਣ ‘ਚ ਸਫਲਤਾ ਪ੍ਰਾਪਤ ਕੀਤੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 8-9 ਜਣਿਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਬੱਚੇ ਨੂੰ ਅਗਵਾ ਕਰਨ ਵਾਲਾ ਇੱਕ ਨੌਜਵਾਨ ਦਾ ਪਿਛੋਕੜ ਅਪਰਾਧਕ ਹੈ, ਜੋ ਪਿਛਲੇ ਸਾਲ ਬਰਨਾਲਾ ਦੀ ਡਾਕੂ ਹਸੀਨਾ ਨਾਲ ਸੰਬੰਧਿਤ ਡਕੈਤੀ ਦੇ ਮਾਮਲੇ ਵਿੱਚ ਜੇਲ੍ਹ ਕੱਟ ਕੇ ਆਇਆ ਹੈ। ਇਸ ਅਪਰਾਧੀ ਨੌਜਵਾਨ ਨੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਹੀ ਬੱਚੇ ਨੂੰ ਅਗਵਾ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ। ਬਰਨਾਲਾ ਦੀ ਅਨਾਜ ਮੰਡੀ ‘ਚ ਝੁੱਗੀਆਂ ਦੇ ਬਾਹਰ ਖੇਡਦੇ ਬੱਚੇ ਨੂੰ ਅਗਵਾ ਕਰਨ ਦੀ ਸੂਚਨਾ ਜਦ ਪੁਲਿਸ ਨੂੰ ਮਿਲੀ ਤਾਂ ਉਸੇ ਸਮੇਂ ਤੋਂ ਲੈ ਕੇ ਬਰਨਾਲਾ ਪੁਲਿਸ ਨੇ ਵੱਖ-ਵੱਖ ਟੀਮਾਂ ਬਣਾ ਕੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ‘ਤੇ ਦੋਸ਼ੀਆਂ ਦੀ ਪੈੜ ਨੱਪੀ। ਅਪਰਾਧੀ ਅਗਵਾਕਾਰਾਂ ਦੇ ਚੁੰਗਲ ਵਿੱਚੋਂ ਬੱਚੇ ਨੂੰ ਸੁਰੱਖਿਅਤ ਬਚਾ ਲੈਣ ਦੇ ਬਰਨਾਲਾ ਪੁਲਿਸ ਦੇ ਉਪਰਾਲੇ ਦੀ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਬਰਨਾਲਾ ਪੁੱਜ ਕੇ ਇਸ ਮਾਮਲੇ ਸੰਬੰਧੀ ਪ੍ਰੈਸ ਕਾਨਫਰੰਸ ਦੌਰਾਨ ਵਧੇਰੇ ਜਾਣਕਾਰੀ ਦੇਣਗੇ।