Gee 98News

ਗਰਨੇਡਾਂ ਦੀ ਗੂੰਜ,ਥਾਣਿਆਂ ਤੋਂ ਲੋਕਾਂ ਦੇ ਘਰਾਂ ਤੱਕ…ਮੁੱਖ ਮੰਤਰੀ ਦੀ ਚੁੱਪ ‘ਤੇ ਸਵਾਲ….!

-ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ਰਾਤ ਹੋਏ ਗਰਨੇਡ ਹਮਲੇ ਨੇ ਇੱਕ ਵਾਰ ਫੇਰ ਪੰਜਾਬ ਦੀ ਲਾਅ ਐਂਡ ਆਰਡਰ ਦੀ ਮਾੜੀ ਸਥਿਤੀ ‘ਤੇ ਚਰਚਾ ਸ਼ੁਰੂ ਕਰ ਦਿੱਤੀ ਹੈ। ‌ ਪਿਛਲੇ ਕੁਝ ਸਮੇਂ ਤੋਂ ਪੰਜਾਬ ‘ਚ ਇੱਕ ਤੋਂ ਬਾਅਦ ਇੱਕ ਗਰਨੇਡ ਹਮਲੇ ਹੋ ਰਹੇ ਹਨ। ਮਾਝਾ ਖੇਤਰ ਵਿੱਚ ਪੰਜਾਬ ਦੇ ਪੁਲਿਸ ਥਾਣਿਆਂ ‘ਤੇ ਥੋੜ੍ਹੇ ਥੋੜ੍ਹੇ ਦਿਨਾਂ ਦੇ ਵਕਫੇ ਬਾਅਦ ਕਈ ਗਰਨੇਡ ਹਮਲੇ ਹੋ ਚੁੱਕੇ ਹਨ ਜਿਨਾਂ ਨੂੰ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਗੱਡੀਆਂ ਅਤੇ ਮੋਟਰਸਾਈਕਲਾਂ ਦੇ ਟਾਇਰ ਫਟਣ ਦਾ ਬਹਾਨਾ ਲਾ ਕੇ ‌ਪੱਲਾ ਝਾੜਦੇ ਰਹੇ ਹਨ ਪ੍ਰੰਤੂ ਹੁਣ ਪੰਜਾਬ ਦੇ ਇੱਕ ਸਿਆਸੀ ਆਗੂ ਦੇ ਘਰ ‘ਤੇ ਹੋਏ ਗਰਨੇਡ ਹਮਲੇ ਨੂੰ ਪੁਲਿਸ ਕਿਹੋ ਜਿਹਾ ਰੂਪ ਦੇਵੇਗੀ ? ਇੱਥੇ ਇਹ ਵੀ ਦੱਸ ਦੇਈਏ ਕਿ ਪੰਜਾਬ ਦਾ ਗ੍ਰਹਿ ਵਿਭਾਗ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਹੀ ਹੈ। ‌ ਇਹਨਾਂ ਗਰਨੇਡ ਹਮਲਿਆ ਸਬੰਧੀ ਜਦ ਵੀ ਕਿਧਰੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰਕਾਰਾਂ ਵੱਲੋਂ ਸਵਾਲ ਕੀਤਾ ਜਾਂਦਾ ਹੈ ਤਾਂ ਮੁੱਖ ਮੰਤਰੀ ਨੇ ਕਦੇ ਵੀ ਇਹਨਾਂ ਗਰਨੇਡ ਹਮਲਿਆਂ ਸਬੰਧੀ ਕੋਈ ਸਿੱਧਾ ਜਵਾਬ ਨਹੀਂ ਦਿੱਤਾ। ‌ ਇਹਨਾਂ ਗਰਨੇਡ ਹਮਲਿਆ ਸਬੰਧੀ ਮੁੱਖ ਮੰਤਰੀ ਦੀ ਚੁੱਪ ਵੀ ਅਨੇਕਾਂ ਤਰ੍ਹਾਂ ਦੇ ਸਵਾਲ ਖੜੇ ਕਰਦੀ ਹੈ। ਸੂਬੇ ਦੇ ਮੌਜੂਦਾ ਹਾਲਾਤਾਂ ਦੇ ਸੰਦਰਭ ਵਿੱਚ ਮੁੱਖ ਮੰਤਰੀ ਦੀ ਸਥਿਤੀ ਰੋਮ ਦੇ ਨੀਰੂ ਅਤੇ ਉਹਨਾਂ ਦੀ ਚੁੱਪ ਬੰਸਰੀ ਦੀ ਹੂਕ ਦੀ ਤਰ੍ਹਾਂ ਲੱਗ ਰਹੀ ਹੈ।‌ ਉੰਝ ਤਾਂ ਭਾਵੇਂ ਪੁਲਿਸ ਥਾਣਿਆਂ ‘ਤੇ ਗਰਨੇਡ ਹਮਲਿਆਂ ਤੋਂ ਬਾਅਦ ਹੀ ਲੋਕਾਂ ‘ਚ ਸਹਿਮ ਦਾ ਮਾਹੌਲ ਸੀ ਪਰ ਹੁਣ ਜਦੋਂ ਕਿ ਗੱਲ ਸਿਆਸੀ ਆਗੂਆਂ ਤੇ ਆਮ ਲੋਕਾਂ ਦੇ ਘਰਾਂ ਤੱਕ ਪੁੱਜ ਚੁੱਕੀ ਹੈ ਤਾਂ ਸਮੁੱਚੇ ਸੂਬੇ ‘ਚ ਸਹਿਮ ਦਾ ਮਾਹੌਲ ਪੈਦਾ ਹੋਣਾ ਸੁਭਾਵਿਕ ਹੀ ਹੈ। ‌ਇਹਨਾਂ ਹਮਲਿਆਂ ਸਬੰਧੀ ਅਤੇ ਪੰਜਾਬ ਦੇ ਵਿਗੜ ਰਹੇ ਹਾਲਾਤਾਂ ਸਬੰਧੀ ਜੇਕਰ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਨਜ਼ਰੀਏ ਦੀ ਗੱਲ ਕੀਤੀ ਜਾਵੇ ਤਾਂ ‌ ਪਾਰਟੀ ਦਾ ਸਾਰਾ ਧਿਆਨ ਲੁਧਿਆਣਾ ਦੀ ਜ਼ਿਮਨੀ ਚੋਣ ਜਿੱਤਣ ਵੱਲ ਹੀ ਲੱਗਿਆ ਹੋਇਆ ਹੈ, ਅਜਿਹੇ ਹਾਲਾਤਾਂ ‘ਚ ਪੰਜਾਬ ਅਤੇ ਸਮਾਜ ਵਿਰੋਧੀ ਅਨਸਰ ਆਪਣੀ ਹੋਂਦ ਦਾ ਅਹਿਸਾਸ ਕਰਵਾਉਣ ‘ਚ ਲੱਗੇ ਹੋਏ ਹਨ ਪਰੰਤੂ ਮੁੱਖ ਮੰਤਰੀ ਭਗਵੰਤ ਮਾਨ ‌ਪੰਜਾਬ ‘ਚ ਹਾਜ਼ਰ ਹੋ ਕੇ ਵੀ ਗੈਰ ਹਾਜ਼ਰ ਲੱਗ ਰਹੇ ਹਨ। ਜੇਕਰ ਪੰਜਾਬ ਸਰਕਾਰ ਨੇ ਸੂਬੇ ਦੀ ਵਿਗੜ ਰਹੀ ਸਥਿਤੀ ਨੂੰ ਸੁਧਾਰਨ ਲਈ ਗੰਭੀਰਤਾ ਨਾ ਦਿਖਾਈ ‌ ਤਾਂ ਅਤੀਤ ਵਾਂਗ ਅਜਿਹੇ ਹਾਲਾਤਾਂ ਨੂੰ ਅੱਖੋਂ ਪਰੋਖੇ ਕਰਨ ਵਾਲੀਆਂ ਸਿਆਸੀ ਪਾਰਟੀਆਂ ਦੇ ਵਾਂਗ ਮੌਜੂਦਾ ਸੱਤਾਧਾਰੀ ਪਾਰਟੀ ਨੂੰ ਵੀ ‌ ਸਿਆਸੀ ਨਤੀਜੇ ਭੁਗਤਣੇ ਪੈਣਗੇ ਕਿਉਂਕਿ ਲੋਕ ‌ ਬਾਕੀ ਸਾਰੀਆਂ ਸਹੂਲਤਾਂ ਨਾਲੋਂ ਪਹਿਲਾਂ ਅਮਨ ਅਤੇ ਸ਼ਾਂਤੀ ਚਾਹੁੰਦੇ ਹਨ।

error: Content is protected !!