ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਅਪਲਾਈ ਕਰਨ ਦਾ ਸ਼ਡਿਊਲ ਜਾਰੀ
ਚੰਡੀਗੜ੍ਹ,27 ਅਪ੍ਰੈਲ, Gee98 News service
-ਪਿਛਲੇ ਪੰਜ ਸਾਲਾਂ ਤੋਂ ਬੰਦ ਪਈ ਕੈਲਾਸ਼ ਮਾਨਸਰੋਵਰ ਯਾਤਰਾ ਦੁਬਾਰਾ ਸ਼ੁਰੂ ਕੀਤੀ ਜਾ ਰਹੀ ਹੈ। ਕੈਲਾਸ ਮਾਨਸਰੋਵਰ ਚੀਨ ਦੇ ਕਬਜ਼ੇ ਵਾਲੇ ਤਿੱਬਤ ਵਿੱਚ ਹੈ। ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਹਰ ਸਾਲ ਕੈਲਾਸ਼ ਮਾਨਸਰੋਵਰ ਯਾਤਰਾ ਦਾ ਆਯੋਜਨ ਕੀਤਾ ਜਾਂਦਾ ਹੈ ਪ੍ਰੰਤੂ ਭਾਰਤ ਅਤੇ ਚੀਨ ਦੇ ਵਿਚਕਾਰ ਸੀਮਾ ਵਿਵਾਦ ਦੇ ਕਾਰਨ ਪਿਛਲੇ ਪੰਜ ਸਾਲਾਂ ਤੋਂ ਕੈਲਾਸ਼ ਮਾਨਸਰੋਵਰ ਯਾਤਰਾ ਦੀ ਚੀਨ ਵੱਲੋਂ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਸੀ। ਹੁਣ ਪੰਜ ਸਾਲਾਂ ਬਾਅਦ ਇਹ ਯਾਤਰਾ ਦੁਬਾਰਾ ਸ਼ੁਰੂ ਹੋਣ ਜਾ ਰਹੀ ਹੈ, ਜਿਸ ਨੂੰ ਦੋਵੇਂ ਦੇਸ਼ਾਂ ਵਿਚਕਾਰ ਸਬੰਧ ਸੁਧਾਰਨ ਦੀ ਕੋਸ਼ਿਸ਼ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸੀ ਜਿਨਪਿੰਗ ਪਿਛਲੇ ਸਾਲ ਅਕਤੂਬਰ ਵਿੱਚ ਰੂਸ ‘ਚ ਮਿਲੇ ਸਨ ਜਦੋਂ ਦੋਵੇਂ ਦੇਸ਼ਾਂ ਨੇ ਆਪਸੀ ਸਬੰਧਾਂ ਦੀ ਸਥਿਤੀ ‘ਤੇ ਚਰਚਾ ਕੀਤੀ ਅਤੇ ਸਬੰਧਾਂ ਨੂੰ ਸੁਧਾਰਨ ਲਈ ਕੁਝ ਕਦਮ ਉਠਾਉਣ ‘ਤੇ ਸਹਿਮਤੀ ਜਤਾਈ ਸੀ। ਮੰਨਿਆ ਜਾ ਰਿਹਾ ਹੈ ਕਿ ਦੋਵੇਂ ਦੇਸ਼ਾਂ ਦੇ ਮੁਖੀਆਂ ਦੀ ਇਸ ਮੀਟਿੰਗ ਵਿੱਚ ਕੈਲਾਸ਼ ਮਾਨਸਰੋਵਰ ਯਾਤਰਾ ਦੀ ਚਰਚਾ ਵੀ ਹੋਈ ਸੀ ਜਿਸ ਨੂੰ ਹੁਣ ਪੰਜ ਸਾਲਾਂ ਬਾਅਦ ਸ਼ੁਰੂ ਕੀਤਾ ਜਾ ਰਿਹਾ ਹੈ।
ਇਸ ਸਾਲ ਕਦੋਂ ਹੋਵੇਗੀ ਕੈਲਾਸ ਮਾਨ ਸਰੋਵਰ ਯਾਤਰਾ
ਦੱਸ ਦੇਈਏ ਕਿ ਇਸ ਸਾਲ 30 ਜੂਨ ਤੋਂ 25 ਅਗਸਤ ਤੱਕ ਕੈਲਾਸ ਮਾਨਸਰੋਵਰ ਯਾਤਰਾ ਹੋਵੇਗੀ। ਭਾਰਤੀ ਵਿਦੇਸ਼ ਮੰਤਰਾਲੇ ਦੀ ਵੈਬਸਾਈਟ ਤੇ 26 ਅਪ੍ਰੈਲ ਤੋਂ 13 ਮਈ 2025 ਤੱਕ ਯਾਤਰੀ ਅਪਲਾਈ ਕਰ ਸਕਦੇ ਹਨ। ਇਸ ਸਾਲ ਉੱਤਰਾਖੰਡ ਅਤੇ ਸਿੱਕਮ ਵਾਲੇ ਰਸਤੇ ਤੋਂ 15 ਜਥੇ ਕੈਲਾਸ਼ ਮਾਨਸਰੋਵਰ ਯਾਤਰਾ ਕਰ ਸਕਣਗੇ, ਪਹਿਲਾਂ ਉੱਤਰਾਖੰਡ ਵਾਲੇ ਪਾਸੇ ਤੋਂ ਪੰਜ ਜਥੇ 50-50 ਯਾਤਰੀਆਂ ਦੇ ਜਾਣਗੇ ਅਤੇ 50-50 ਯਾਤਰੀਆਂ ਦੇ 10 ਜਥੇ ਸਿੱਕਮ ਵਾਲੇ ਪਾਸੇ ਤੋਂ ਜਾ ਸਕਣਗੇ। ਉੱਤਰਾਖੰਡ ਦੇ ਲਿਪੂਲੇਖ ਤੋਂ ਕੈਲਾਸ਼ ਮਾਨਸਰੋਵਰ ਲਗਭਗ 65 ਕਿਲੋਮੀਟਰ ਅਤੇ ਸਿਕਮ ਦੇ ਨਾਥੂਲਾ ਤੋਂ ਕੈਲਾਸ਼ ਮਾਨਸਰੋਵਰ ਲੱਗਭੱਗ 802 ਕਿਲੋਮੀਟਰ ਹੈ। ਕੈਲਾਸ਼ ਪਰਬਤ ਸ਼੍ਰੇਣੀ ਕਸ਼ਮੀਰ ਤੋਂ ਭੂਟਾਨ ਤੱਕ ਫੈਲੀ ਹੋਈ ਹੈ ਇਸ ਇਲਾਕੇ ਵਿੱਚ ‘ਲਹਾ ਚੂ ਅਤੇ ਝੌਂਗ ਚੂ’ ਨਾਮ ਦੀਆਂ ਦੋ ਥਾਵਾਂ ਦੇ ਵਿਚਕਾਰ ਇੱਕ ਪਹਾੜ ਹੈ। ਇਸ ਪਹਾੜ ਦੇ ਦੋ ਜੁੜੇ ਹੋਏ ਸਿਖ਼ਰ ਹਨ ਇਹਨਾਂ ਵਿੱਚੋਂ ਉੱਤਰੀ ਸਿਖ਼ਰ ਨੂੰ ਕੈਲਾਸ਼ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਇਸ ਸਿਖ਼ਰ ਦਾ ਆਕਾਰ ਇੱਕ ਵੱਡੇ ਸ਼ਿਵਲਿੰਗ ਦੀ ਤਰ੍ਹਾਂ ਹੈ। ਹਿੰਦੂ ਧਰਮ ਅਨੁਸਾਰ ਇਹ ਮਾਨਤਾ ਹੈ ਕਿ ਭਗਵਾਨ ਸ਼ਿਵ ਆਪਣੀ ਪਤਨੀ ਪਾਰਬਤੀ ਦੇ ਨਾਲ ਕੈਲਾਸ਼ ਪਰਬਤ ‘ਤੇ ਨਿਵਾਸ ਕਰਦੇ ਹਨ। ਹਿੰਦੂਆਂ ਲਈ ਇਹ ਜਗ੍ਹਾ ਬੇਹੱਦ ਪਵਿੱਤਰ ਮੰਨੀ ਜਾਂਦੀ ਹੈ। ਹਿੰਦੂ ਧਰਮ ਦੇ ਚਾਰ ਵੇਦਾਂ ਵਿੱਚੋਂ ਇੱਕ ਰਿਗਵੇਦ ਵਿੱਚ ਵੀ ਕੈਲਾਸ਼ ਪਰਬਤ ਦਾ ਜ਼ਿਕਰ ਹੈ। ਕੈਲਾਸ਼ ਮਾਨਸਰੋਵਰ ਚੀਨ ਦੇ ਕਬਜ਼ੇ ਵਾਲੇ ਤਿੱਬਤ ਵਿੱਚ ਹੈ ਇਸ ਲਈ ਇਥੇ ਜਾਣ ਲਈ ਚੀਨ ਦੀ ਇਜਾਜ਼ਤ ਦੀ ਲੋੜ ਪੈਂਦੀ ਹੈ। ਕੈਲਾਸ਼ ਮਾਨਸਰੋਵਰ ਜਾਣ ਲਈ ਭਾਰਤ ਅਤੇ ਚੀਨ ਵਿਚਕਾਰ ਦੋ ਸਮਝੌਤੇ ਹੋਏ ਹਨ, ਜਿਨਾਂ ਵਿੱਚੋਂ ਪਹਿਲਾਂ ਸਮਝੌਤਾ 20 ਮਈ 2013 ਨੂੰ ਅਤੇ ਦੂਜਾ ਸਮਝੌਤਾ 18 ਸਤੰਬਰ 2014 ਨੂੰ ਹੋਇਆ ਸੀ। ਇਨਾ ਸਮਝੌਤਿਆਂ ਤਹਿਤ ਹੀ ਸ਼ਰਧਾਲੂ ਕੈਲਾਸ ਮਾਨਸਰੋਵਰ ਦੀ ਯਾਤਰਾ ਕਰਦੇ ਹਨ ਪਰੰਤੂ ਪਿਛਲੇ ਕੁਝ ਸਮੇਂ ਤੋਂ ਚੀਨ ਅਤੇ ਭਾਰਤ ਦੇ ਵਿਚਕਾਰ ਸੀਮਾ ਦੇ ਵਿਵਾਦ ਕਾਰਨ ਚੀਨ ਵੱਲੋਂ ਕੈਲਾਸ਼ ਮਾਨਸਰੋਵਰ ਯਾਤਰਾ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਅਤੇ ਹੁਣ ਚੀਨ ਵੱਲੋਂ ਇਹ ਇਜਾਜ਼ਤ ਦੇ ਦਿੱਤੀ ਗਈ ਹੈ, ਜਿਸ ਤਹਿਤ 30 ਜੂਨ ਤੋਂ 25 ਅਗਸਤ 2025 ਦੇ ਵਿਚਕਾਰ ਸ਼ਰਧਾਲੂ ਕੈਲਾਸ਼ ਮਾਨਸਰੋਵਰ ਦੀ ਯਾਤਰਾ ਕਰ ਸਕਣਗੇ।