Gee 98News

ਭਾਰਤ ਵੱਲੋਂ ਓਪਰੇਸ਼ਨ ਸਿੰਧੂਰ ‘ਚ ਤਬਾਹ ਕੀਤੀ ਚੀਨੀ ਮਿਜ਼ਾਈਲ PL15E ਦਾ ਮਲਬਾ ਅਮਰੀਕਾ ਸਮੇਤ ਕਈ ਮੁਲਕਾਂ ਨੇ ਮੰਗਿਆ

-ਓਪਰੇਸ਼ਨ ਸਿੰਧੂਰ ਦੌਰਾਨ ਭਾਰਤੀ ਹਵਾਈ ਸੈਨਾ ਵੱਲੋਂ ਪਾਕਿਸਤਾਨ ਦੀ ਇੱਕ ਸੁੱਟੀ ਗਈ ਮਿਜ਼ਾਈਲ ਦਾ ਮਲਬਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕਾ, ਬ੍ਰਿਟੇਨ, ਆਸਟਰੇਲੀਆ, ਕੈਨੇਡਾ ਤੇ ਨਿਊਜ਼ੀਲੈਂਡ ਤੋਂ ਇਲਾਵਾ ਫਰਾਂਸ ਅਤੇ ਜਪਾਨ ਨੇ ਭਾਰਤ ਵੱਲੋਂ ਪਾਕਿਸਤਾਨ ਦੀ ਸੁੱਟੀ ਗਈ ਮਿਜ਼ਾਈਲ PL15E ਦਾ ਮਲਬਾ ਮੰਗਿਆ ਹੈ। ਇਹ ਮਿਜ਼ਾਈਲ ਚੀਨ ਵਿੱਚ ਬਣੀ ਹੋਈ ਹੈ ਜਿਸ ਨੂੰ ਪਾਕਿਸਤਾਨ ਨੇ ਓਪਰੇਸ਼ਨ ਸਿੰਧੂਰ ਦੌਰਾਨ ਭਾਰਤ ਵੱਲ ਦਾਗਿਆ ਸੀ ਪ੍ਰੰਤੂ ਭਾਰਤੀ ਫੌਜਾਂ ਦੇ ਡਿਫੈਂਸ ਸਿਸਟਮ ਨੇ ਇਸ ਨੂੰ ਹਵਾ ਵਿੱਚ ਹੀ ਨਾਕਾਮ ਕਰ ਦਿੱਤਾ ਸੀ। ਰਿਪੋਰਟ ਅਨੁਸਾਰ ਉਕਤ ਦੇਸ਼ ਇਹ ਜਾਂਚ ਕਰਨਾ ਚਾਹੁੰਦੇ ਹਨ ਕਿ ਚੀਨ ਨੇ ਕਿਹੜੀ ਤਕਨੀਕ ਦਾ ਇਸਤੇਮਾਲ ਕਰਕੇ ਇਸ ਮਿਜ਼ਾਈਲ ਦਾ ਨਿਰਮਾਣ ਕੀਤਾ ਹੈ। ਭਾਰਤੀ ਫੌਜ ਦੇ ਬੁਲਾਰੇ ਅਨੁਸਾਰ 9 ਮਈ ਨੂੰ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਖੇਤ ਵਿੱਚ PL15 E ਮਿਜ਼ਾਈਲ ਦੇ ਟੁਕੜੇ ਬਰਾਮਦ ਕੀਤੇ ਗਏ ਸਨ ਅਤੇ ਬਾਅਦ ਵਿੱਚ 12 ਮਈ ਨੂੰ ਭਾਰਤੀ ਹਵਾਈ ਸੈਨਾ ਨੇ ਪ੍ਰੈਸ ਕਾਨਫਰੰਸ ਕਰਕੇ ਪਹਿਰੀ ਵਾਰ ਇਸ ਮਿਜ਼ਾਈਲ ਦਾ ਮਲਬਾ ਦਿਖਾਇਆ ਸੀ। ਚੀਨ ਆਪਣੀ ਇਸ ਮਿਜ਼ਾਈਲ ਨੂੰ ਬਹੁਤ ਸ਼ਕਤੀਸ਼ਾਲੀ ਹਥਿਆਰ ਮੰਨ ਰਿਹਾ ਹੈ ਜਿਸ ਦੀ ਰੇਂਜ 200 ਤੋਂ 250 ਕਿਲੋਮੀਟਰ ਤੱਕ ਦੱਸੀ ਜਾ ਰਹੀ ਹੈ। ਚੀਨ ਆਪਣੀ ਇਸ PL15E ਮਿਜ਼ਾਈਲ ਦੀ ਐਡਵਾਂਸ ਤਕਨੀਕ ਅਤੇ ਲੰਬੀ ਰੇਂਜ ਕਰਕੇ ਇਸ ਨੂੰ ਪੱਛਮੀ ਦੇਸ਼ਾਂ ਅਤੇ ਭਾਰਤ ਦੇ ਲੜਾਕੂ ਜਹਾਜ਼ਾਂ ਲਈ ਇੱਕ ਵੱਡੀ ਚੁਣੌਤੀ ਦੱਸ ਰਿਹਾ ਹੈ। ਇਸੇ ਕਰਕੇ ਅਮਰੀਕਾ, ਬ੍ਰਿਟੇਨ, ਆਸਟਰੇਲੀਆ, ਕੈਨੇਡਾ,ਨਿਊਜ਼ੀਲੈਂਡ ਤੋਂ ਇਲਾਵਾ ਫਰਾਂਸ ਦੇ ਜਪਾਨ ਵੀ ਭਾਰਤ ਤੋਂ ਇਸ ਮਿਜ਼ਾਇਲ ਦਾ ਮਲਬਾ ਮੰਗ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਦੇਸ਼ ਚੀਨ ਦੀ ਇਸ ਮਿਜਾਈਲ ਸਬੰਧੀ ਇਹ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹਨ ਕਿ ਮਿਜ਼ਾਈਲ ਦਾ ਰਾਡਾਰ ਕਿਵੇਂ ਕੰਮ ਕਰਦਾ ਹੈ, ਉਸਦੀ ਮੋਟਰ ਕਿਵੇਂ ਬਣੀ ਹੈ, ਮਿਜ਼ਾਈਲ ਨੂੰ ਰਸਤਾ ਦਿਖਾਉਣ ਵਾਲੀ ਟੈਕਨਾਲੋਜੀ ਸਿਸਟਮ ਕਿਹੋ ਜਿਹਾ ਹੈ। ਭਾਰਤੀ ਹਵਾਈ ਸੈਨਾ ਦੇ ਅਧਿਕਾਰੀਆਂ ਅਨੁਸਾਰ ਓਪਰੇਸ਼ਨ ਸਿੰਧੂਰ ਦੌਰਾਨ ਪਾਕਿਸਤਾਨ ਫੌਜ ਨੇ ਪਹਿਲੀ ਵਾਰ ਚੀਨ ਵਿੱਚ ਬਣੀ ਇਸ ਮਿਜ਼ਾਈਲ PL15E ਦੀ ਵਰਤੋਂ ਕੀਤੀ ਸੀ ਜਿਸ ਨੂੰ ਨਾਕਾਮ ਕਰ ਦਿੱਤਾ ਗਿਆ ਅਤੇ ਉਹ ਆਪਣੇ ਨਿਸ਼ਾਨੇ ਤੱਕ ਨਹੀਂ ਪੁੱਜ ਸਕੀ। ‌ ਮੰਨਿਆ ਜਾ ਰਿਹਾ ਹੈ ਕਿ ਭਾਰਤ ਕੋਲ ਇਸ ਮਿਜ਼ਾਈਲ ਦੇ ਜਿਹੜੇ ਟੁਕੜੇ ਹਨ,ਜੇਕਰ ਉਹ ਸਹੀ ਸਲਾਮਤ ਹਨ ਤਾਂ ਉਹਨਾਂ ਤੋਂ ਬਹੁਤ ਅਹਿਮ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।

Gee98 Ads
error: Content is protected !!