Gee 98News

…ਇਹ ਕਮੇਟੀਆਂ ਵੀ ਦਿੱਲੀ ਤੋਂ ਬਣ ਕੇ ਆਈਆਂ ਹਨ…ਸਪੀਕਰ ਨੇ ਤਾਂ ਸਿਰਫ਼ ਐਲਾਨ ਕੀਤਾ ਹੈ….!

ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਦੀਆਂ ਕਮੇਟੀਆਂ ਦੇ ਗਠਨ ਸਬੰਧੀ ਸਪੀਕਰ ਨੂੰ ਲਿਖਿਆ ਪੱਤਰ

ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਵਿਧਾਨ ਸਭਾ ਦੀਆਂ ਕਮੇਟੀਆਂ ਦੇ ਗਠਨ ਵਿੱਚ ਕਈ ਵਰ੍ਹਿਆਂ ਤੋਂ ਚੱਲੀ ਆ ਰਹੀਆਂ ਸੰਸਦੀ ਰਵਾਇਤਾਂ ਦੀ ਅਣਦੇਖੀ ਕਰਨ ਦੇ ਦੋਸ਼ ਲਗਾਉਂਦੇ ਹੋਏ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਪੀਕਰ ਨੂੰ ਇੱਕ ਪੱਤਰ ਰਾਹੀਂ ਵਿਧਾਨ ਸਭਾ ਕਮੇਟੀਆਂ ਦੇ ਗਠਨ ਦੀ ਪ੍ਰਕਿਰਿਆ ‘ਤੇ ਇਤਰਾਜ਼ ਪ੍ਰਗਟ ਕੀਤਾ ਹੈ। ਆਪਣੇ ਪੱਤਰ ਵਿੱਚ ਬਾਜਵਾ ਨੇ ਸਪੀਕਰ ‘ਤੇ ਦੋਸ਼ ਲਗਾਇਆ ਕਿ ਉਹਨਾਂ ਨੇ ਇਸ ਵਾਰ ਵਿਧਾਨ ਸਭਾ ਦੀਆਂ ਕਮੇਟੀਆਂ ਦੀ ਬਣਤਰ ਦੀਆਂ ਪਰੰਪਰਾਵਾਂ ਨੂੰ ਬਦਲ ਦਿੱਤਾ ਹੈ। ਬਾਜਵਾ ਨੇ ਖਾਸ ਕਰਕੇ ਵਿਧਾਨ ਸਭਾ ਦੀ “ਲੋਕ ਲੇਖਾ ਕਮੇਟੀ” ਦਾ ਚੇਅਰਮੈਨ ਕਾਂਗਰਸੀ ਵਿਧਾਇਕ ਨੂੰ ਨਾ ਬਣਾਉਣ ਦੇ ਮਾਮਲੇ ‘ਚ ਇਤਰਾਜ਼ ਦਾ ਪ੍ਰਗਟਾਵਾ ਕੀਤਾ ਹੈ। ਆਪਣੇ ਪੱਤਰ ਵਿੱਚ ਬਾਜਵਾ ਨੇ ਕਿਹਾ ਕਿ ਸਪੀਕਰ ਨੇ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਕਮੇਟੀਆਂ ਵਿੱਚ ਉਚਿਤ ਸਥਾਨ ਨਹੀਂ ਦਿੱਤਾ। ਬਾਜਵਾ ਨੇ ਕਿਹਾ ਕਿ ਸਰਕਾਰ ਨੇ ਵਿਰੋਧੀ ਧਿਰ ਨੂੰ ਲੋਕ ਲੇਖਾ ਕਮੇਟੀ ਦੇ ਚੇਅਰਮੈਨ ਦਾ ਅਹੁਦਾ ਨਾ ਦੇ ਕੇ ਸੰਸਦੀ ਪਰੰਪਰਾਵਾਂ ਦੀ ਉਲੰਘਣਾ ਕੀਤੀ ਹੈ। ਉਨਾਂ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਪਾਰਦਰਸ਼ਤਾ ਤੇ ਜਵਾਬਦੇਹੀ ਨੂੰ ਕਮਜ਼ੋਰ ਕਰਨ ਵਾਲਾ ਹੈ ਅਤੇ ਸਰਕਾਰ ਨੂੰ ਜਾਂਚ ਤੋਂ ਬਚਾਉਣ ਵਾਲਾ ਹੈ। ਬਾਜਵਾ ਨੇ ਆਪਣੇ ਪੱਤਰ ਵਿੱਚ ਲਿਖਿਆ ਕਿ ਉਹਨਾਂ ਨੇ ਬਤੌਰ ਵਿਰੋਧੀ ਧਿਰ ਦੇ ਨੇਤਾ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੂੰ ਲੋਕ ਲੇਖਾ ਕਮੇਟੀ ਦਾ ਚੇਅਰਮੈਨ ਬਣਾਉਣ ਦੀ ਸਿਫਾਰਿਸ਼ ਕੀਤੀ ਸੀ। ਉਹਨਾਂ ਕਿਹਾ ਕਿ ਵਿਰੋਧੀ ਧਿਰ ਦੇ ਕਿਸੇ ਵਿਧਾਇਕ ਨੂੰ ਇਸ ਮਹੱਤਵਪੂਰਨ ਅਹੁਦੇ ‘ਤੇ ਨਿਯੁਕਤ ਕਰਨ ਦੀ ਪਰੰਪਰਾ ਸਿਰਫ ਰਾਜਨੀਤਿਕ ਸ਼ਿਸ਼ਟਾਚਾਰ ਦਾ ਮਾਮਲਾ ਨਹੀਂ ਸਗੋਂ ਇਹ ਇੱਕ ਸੰਸਦੀ ਪਰੰਪਰਾ ਹੈ ਜੋ ਕਈ ਵਰ੍ਹਿਆਂ ਤੋਂ ਚੱਲੀ ਆ ਰਹੀ ਹੈ ਅਤੇ ਇਹ ਪਰੰਪਰਾ ਜਵਾਬਦੇਹੀ, ਪਾਰਦਰਸ਼ਤਾ ਤੇ ਲੋਕਤੰਤਰਿਕ ਸੰਤੁਲਨ ਦੀ ਭਾਵਨਾ ਨੂੰ ਕਾਇਮ ਰੱਖਦੀ ਹੈ। ਬਾਜਵਾ ਨੇ ਸਪੀਕਰ ਨੂੰ ਚੇਤੇ ਕਰਵਾਇਆ ਕਿ 1960 ਦੇ ਦਹਾਕਿਆਂ ਤੋਂ ਲੈ ਕੇ ਵੱਖ-ਵੱਖ ਦਲਾਂ ਅਤੇ ਵਿਚਾਰਧਾਰਾਵਾਂ ਵਾਲੀਆਂ ਵਿਧਾਨ ਸਭਾਵਾਂ ਨੇ ਇਸ ਪਰੰਪਰਾ ਦਾ ਸਨਮਾਨ ਕੀਤਾ ਹੈ। ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਪੱਤਰ ਵਿੱਚ ਸਪੀਕਰ ਕੁਲਤਾਰ ਸਿੰਘ ਸਬੰਧਾਂ ਨੂੰ ਇਹ ਵੀ ਚੇਤੇ ਕਰਵਾਇਆ ਕਿ ਉਹ ਖੁਦ 2019-2020 ਦੇ ਦੌਰਾਨ ਲੋਕ ਲੇਖਾ ਕਮੇਟੀ ਦੇ ਚੇਅਰਮੈਨ ਰਹਿ ਚੁੱਕੇ ਹਨ, ਜਦੋਂ ਉਹ ਵਿਰੋਧੀ ਧਿਰ ਵਿੱਚ ਸਨ। ਬਾਜਵਾ ਨੇ ਦੱਸਿਆ ਕਿ ਕਾਂਗਰਸ ਦੀ ਸਰਕਾਰ 2017 ਤੋਂ 22 ਦੇ ਦੌਰਾਨ ਵੀ ਇਸ ਪਰੰਪਰਾ ਦਾ ਸਨਮਾਨ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਪੰਜਾਬ ‘ਚ ਵੱਖ-ਵੱਖ ਬੋਰਡਾਂ,ਅਦਾਰਿਆਂ ਦੇ ਚੇਅਰਮੈਨਾਂ ਦੀਆਂ ਨਿਯੁਕਤੀਆਂ ਦੇ ਮਾਮਲੇ ‘ਚ ਸਰਕਾਰ ਪਹਿਲਾਂ ਹੀ ਸਵਾਲਾਂ ਦੇ ਘੇਰੇ ‘ਚ ਹੈ ਅਤੇ ਹੁਣ ਕਈ ਵਰ੍ਹਿਆਂ ਤੋਂ ਚੱਲੀ ਆ ਰਹੀ ਸੰਸਦੀ ਪਰੰਪਰਾ ਨੂੰ ਤੋੜਨ ਕਰਕੇ ਵਿਧਾਨ ਸਭਾ ਦੇ ਸਪੀਕਰ ‘ਤੇ ਵੀ ਸਵਾਲ ਉਠੇ ਹਨ। ਇਸ ਵਾਰ ਵਿਧਾਨ ਸਭਾ ਕਮੇਟੀਆਂ ਦੇ ਗਠਨ ਦੀ ਪ੍ਰਕਿਰਿਆ ‘ਤੇ ਵਿਰੋਧੀ ਧਿਰ ਦੇ ਨੇਤਾਵਾਂ ਵੱਲੋਂ ਤਨਜ਼ ਕੀਤਾ ਜਾ ਰਿਹਾ ਹੈ ਕਿ ਇਹ ਕਮੇਟੀਆਂ ਵੀ ਦਿੱਲੀ ਤੋਂ ਬਣ ਕੇ ਹੀ ਆਈਆਂ ਹਨ ਅਤੇ ਸਪੀਕਰ ਨੇ ਸਿਰਫ਼ ਐਲਾਨ ਹੀ ਕੀਤਾ ਹੈ।

Gee98 Ads
error: Content is protected !!