Skip to main content

Gee 98News

ਬਦਲਿਆ ਜਾਵੇਗਾ ਲੁਧਿਆਣੇ ਦਾ ਪੁਲਿਸ ਕਮਿਸ਼ਨਰ…? ਚੋਣ ਕਮਿਸ਼ਨ ਨੇ ਮੰਗਿਆ ਤਿੰਨ IPS ਅਫਸਰਾਂ ਦਾ ਪੈਨਲ

-ਚੋਣ ਕਮਿਸ਼ਨ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦੀ ਨਿਯੁਕਤੀ ਲਈ ਤਿੰਨ ਆਈਪੀਐਸ ਅਫਸਰਾਂ ਦਾ ਪੈਨਲ ਮੰਗ ਲਿਆ ਹੈ। ਚੋਣ ਕਮਿਸ਼ਨ ਨੇ ਗ੍ਰਹਿ ਵਿਭਾਗ ਨੂੰ ਚਿੱਠੀ ਲਿਖ ਕੇ ਤਿੰਨ ਅਫ਼ਸਰਾਂ ਦੇ ਨਾਮ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਲਈ ਵੀ ਮੰਗੇ ਹਨ। ਦੱਸ ਦੇਈਏ ਕਿ ਸ੍ਰੀ ਸਵਪਨ ਸ਼ਰਮਾ ਇਸ ਵੇਲੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਹਨ,ਜਿਨਾਂ ਨੂੰ ਪੰਜਾਬ ਸਰਕਾਰ ਵੱਲੋਂ ਕੁਝ ਸਮਾਂ ਪਹਿਲਾਂ ਹੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਤਾਇਨਾਤ ਕੀਤਾ ਗਿਆ ਹੈ। ਭਾਵੇਂ ਕਿ ਮੁੱਖ ਚੋਣ ਅਧਿਕਾਰੀ ਸਿਬਿਨ ਸੀ. ਦਾ ਕਹਿਣਾ ਕਿ ਹੁਣ ਤੱਕ ਕਿਸੇ ਵੀ ਅਧਿਕਾਰੀ ਨੂੰ ਬਦਲਣ ਦੀ ਕੋਈ ਸਿਫਾਰਸ਼ ਨਹੀਂ ਕੀਤੀ ਗਈ ਅਤੇ ਪੈਨਲ ਮੰਗੇ ਜਾਣਾ ਰੂਟੀਨ ਦੀ ਕਾਰਵਾਈ ਹੈ। ਉਹਨਾਂ ਕਿਹਾ ਕਿ ਇਹ ਇੱਕ ਆਮ ਪ੍ਰਸ਼ਾਸਨਿਕ ਪ੍ਰਕਿਰਿਆ ਦਾ ਹਿੱਸਾ ਹੈ ਕਿ ਹਰੇਕ ਚੋਣ ਤੋਂ ਪਹਿਲਾਂ CEO ਦਾ ਦਫ਼ਤਰ ਸੂਬਾ ਸਰਕਾਰ ਤੋਂ ਅਧਿਕਾਰੀਆਂ ਦੇ ਇੱਕ ਐਡਵਾਂਸ ਪੈਨਲ ਦੀ ਮੰਗ ਕਰਦਾ ਹੈ ਜੇਕਰ ਭਾਰਤੀ ਚੋਣ ਕਮਿਸ਼ਨ ਨੂੰ ਪ੍ਰਸ਼ਾਸਨ ਵਿੱਚ ਕਿਸੇ ਤਬਦੀਲੀ ਦੀ ਲੋੜ ਪਵੇ ਤਾਂ ਉਹ ਕਰ ਸਕਦਾ ਹੈ। ਗ੍ਰਹਿ ਵਿਭਾਗ ਨੂੰ ਲਿਖੀ ਆਪਣੀ ਚਿੱਠੀ ਵਿੱਚ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਸਪੱਸ਼ਟ ਕੀਤਾ ਹੈ ਕਿ ਪੈਨਲ ਵਿੱਚ ਉਹਨਾਂ ਅਧਿਕਾਰੀਆਂ ਨੂੰ ਹੀ ਸ਼ਾਮਿਲ ਕੀਤਾ ਜਾਵੇ ਜੋ ਪੁਲਿਸ ਕਮਿਸ਼ਨਰ ਦੀ ਨਿਯੁਕਤੀ ਦੀ ਪ੍ਰਕਿਰਿਆ ਨੂੰ ਪੂਰਾ ਕਰਦੇ ਹਨ। ਇੱਥੇ ਇਹ ਵੀ ਧਿਆਨ ਰਹੇ ਕਿ ਸਵਪਨ ਸ਼ਰਮਾ ਨੂੰ 2024 ਵਿੱਚ ਲੋਕ ਸਭਾ ਚੋਣਾਂ ਦੌਰਾਨ ਜਲੰਧਰ ਤੋਂ ਹਟਾਇਆ ਗਿਆ ਸੀ, ਉਸ ਵੇਲੇ ਉਹ ਉੱਥੇ ਪੁਲਿਸ ਕਮਿਸ਼ਨਰ ਸਨ। ਦੂਜੇ ਪਾਸੇ ਭਾਜਪਾ ਨੇ ਸਵਪਨ ਸ਼ਰਮਾ ਦੀ ਲੁਧਿਆਣਾ ਬਤੌਰ ਪੁਲਿਸ ਕਮਿਸ਼ਨਰ ਨਿਯੁਕਤੀ ਮੌਕੇ ਹੀ ਇਤਰਾਜ਼ ਕੀਤਾ ਸੀ। ਭਾਜਪਾ ਦੇ ਐਸਸੀ ਵਿੰਗ ਦੇ ਚੇਅਰਮੈਨ ਸਾਬਕਾ ਆਈਏਐਸ ਅਧਿਕਾਰੀ ਐਸ ਆਰ ਲੱਧੜ ਨੇ ਲੁਧਿਆਣਾ ਜ਼ਿਮਨੀ ਚੋਣ ਤੋਂ ਕੁਝ ਸਮਾਂ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਸਵਪਨ ਸ਼ਰਮਾ ਦੀ ਇਸ ਨਿਯੁਕਤੀ ‘ਤੇ ਸਵਾਲ ਖੜੇ ਕੀਤੇ ਸਨ। ਸ੍ਰੀ ਲੱਧੜ ਨੇ ਸਵਪਨ ਸ਼ਰਮਾ ਦੀ ਨਿਯੁਕਤੀ ਦਾ ਵਿਰੋਧ ਕਰਦੇ ਹੋਏ ਕਿਹਾ ਸੀ ਕਿ ਸਵਪਨ ਸ਼ਰਮਾ ਨੂੰ ਚੋਣਾਂ ਦੌਰਾਨ ਜਲੰਧਰ ਤੋਂ ਹਟਾਇਆ ਗਿਆ ਸੀ ਇਸ ਲਈ ਉਹਨਾਂ ਨੂੰ ਲੁਧਿਆਣਾ ਪੱਛਮੀ ਵਿੱਚ ਹੋ ਰਹੀ ਜ਼ਿਮਨੀ ਚੋਣ ਦੌਰਾਨ ਪੁਲਿਸ ਕਮਿਸ਼ਨਰ ਨਹੀਂ ਲਗਾਇਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਨਿਯਮਾਂ ਮੁਤਾਬਿਕ ਚੋਣਾਂ ਦੌਰਾਨ ਜੇਕਰ ਕਿਸੇ ਵੀ ਅਧਿਕਾਰੀ ਨੂੰ ਹਟਾਇਆ ਜਾਂਦਾ ਹੈ ਤਾਂ ਫਿਰ ਉਹ ਕਦੀ ਵੀ ਚੋਣ ਪ੍ਰਕਿਰਿਆ ਦਾ ਹਿੱਸਾ ਨਹੀਂ ਲੈ ਸਕਦਾ ਜਾਂ ਉੱਥੇ ਤਾਇਨਾਤ ਨਹੀਂ ਹੋ ਸਕਦਾ ਜਿੱਥੇ ਚੋਣਾਂ ਹੋ ਰਹੀਆਂ ਹੋਣ। ਚੋਣ ਕਮਿਸ਼ਨ ਵੱਲੋਂ ਮੰਗੇ ਅਧਿਕਾਰੀਆਂ ਦੇ ਪੈਨਲ ਨੂੰ ਇਸੇ ਸੰਦਰਭ ਵਿੱਚ ਵੇਖਿਆ ਜਾ ਰਿਹਾ ਹੈ ਉੰਝ ਭਾਵੇਂ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਪ੍ਰਕਿਰਿਆ ਦੌਰਾਨ ਸਵਪਨ ਸ਼ਰਮਾ ਦੀ ਅਜੇ ਕਿਸੇ ਨੇ ਸ਼ਿਕਾਇਤ ਨਹੀਂ ਕੀਤੀ।

error: Content is protected !!