ਚੰਡੀਗੜ੍ਹ,4 ਜੂਨ, Gee98 News service
-ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਦੋ ਜੱਜਾਂ ਦੇ ਖ਼ਿਲਾਫ਼ ਮਿਲੀਆਂ ਸ਼ਿਕਾਇਤਾਂ ਦੀ ਪੜ੍ਹਤਾਲ ਦੌਰਾਨ ਬੇਨਿਯਮੀਆਂ ਸਾਹਮਣੇ ਆਉਣ ਤੋਂ ਬਾਅਦ ਦੋਵੇਂ ਜੱਜਾਂ ਨੂੰ ਜਬਰਦਸਤੀ ਸੇਵਾ ਮੁਕਤ ਕਰਨ ਦੀ ਸਿਫਾਰਸ਼ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਾਈ ਕੋਰਟ ਨੇ ਕਠੂਆ ਜਬਰ ਜਨਾਹ ਮਾਮਲੇ ‘ਚ ਸਜ਼ਾ ਸੁਣਾਉਣ ਵਾਲੇ ਪਠਾਨਕੋਟ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਤੇਜਵਿੰਦਰ ਸਿੰਘ ਨੂੰ ਲਾਜ਼ਮੀ ਰਿਟਾਇਰਮੈਂਟ ਦੇਣ ਦੀ ਸਿਫਾਰਸ਼ ਕੀਤੀ ਹੈ। ਤੇਜਵਿੰਦਰ ਸਿੰਘ ਉਹੀ ਜੱਜ ਹਨ, ਜਿਨ੍ਹਾਂ ਨੇ ਸਾਲ 2019 ‘ਚ ਬਹੁਚਰਚਿਤ ਕਠੂਆ ਜਬਰ ਜਨਾਹ ਤੇ ਹੱਤਿਆ ਮਾਮਲੇ ‘ਚ ਇਤਿਹਾਸਕ ਫ਼ੈਸਲਾ ਦਿੰਦੇ ਹੋਏ 7 ‘ਚੋਂ 6 ਮੁਲਜ਼ਮਾਂ ਨੂੰ ਦੋਸ਼ੀ ਠਹਿਰਾਇਆ ਸੀ। ਇਹ ਮਾਮਲਾ ਜੰਮੂ ਕਸਮੀਰ ਦੇ ਕਠੂਆ ਜ਼ਿਲ੍ਹੇ ‘ਚ 8 ਸਾਲ ਦੀ ਬੱਚੀ ਨਾਲ ਹੋਈ ਦਰਿੰਦਗੀ ਨਾਲ ਜੁੜਿਆ ਸੀ, ਜਿਸਨੇ ਦੇਸ਼ ਭਰ ‘ਚ ਗੁੱਸੇ ਦੀ ਲਹਿਰ ਪੈਦਾ ਕਰ ਦਿੱਤੀ ਸੀ। ਇਸੇ ਤਰ੍ਹਾਂ ਹਰਿਆਣਾ ਦੇ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਆਰ ਕੇ ਜੈਨ ਦੇ ਖਿਲਾਫ਼ ਵੀ ਸੇਵਾ ਸਮਾਪਤੀ ਦੀ ਸਿਫਾਰਸ਼ ਕੀਤੀ ਗਈ ਹੈ। ਹਾਈ ਕੋਰਟ ਦੀ ਵਿਜੀਲੈਂਸ ਬ੍ਰਾਂਚ ਵਲੋਂ ਉਨ੍ਹਾਂ ਦੇ ਖਿਲਾਫ਼ ਪ੍ਰਾਪਤ ਸ਼ਿਕਾਇਤਾਂ ਦੀ ਜਾਂਚ ਕੀਤੀ ਗਈ, ਜਿਸ ਵਿਚ ਬੇਨਿਯਮੀਆਂ ਦੀ ਪੁਸ਼ਟੀ ਦੇ ਬਾਅਦ ਇਹ ਅਨੁਸ਼ਾਸਨੀ ਕਾਰਵਾਈ ਕੀਤੀ ਗਈ।