ਬਰਨਾਲਾ, 3 ਜੁਲਾਈ ( ਨਿਰਮਲ ਸਿੰਘ ਪੰਡੋਰੀ )-
-ਬਰਨਾਲਾ ‘ਚ ਵਾਪਰੇ ਅੱਜ ਇੱਕ ਅਹਿਮ ਰਾਜਨੀਤਿਕ ਘਟਨਾਕ੍ਰਮ ਤਹਿਤ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ ਦੀ ਰਿਹਾਇਸ਼ ‘ਤੇ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਇਕਬਾਲ ਸਿੰਘ ਝੂੰਦਾਂ, ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਦਸਤਕ ਦਿੱਤੀ। ਇਸ ਮੌਕੇ ਰਾਜਦੇਵ ਸਿੰਘ ਖਾਲਸਾ ਨੇ ਇਲਾਕੇ ਵਿੱਚੋਂ ਆਪਣੇ ਪੁਰਾਣੇ ਸਾਰੇ ਸਮਰਥਕਾਂ ਦਾ ਵੱਡਾ ਇਕੱਠ ਵੀ ਕੀਤਾ ਹੋਇਆ ਸੀ ਅਤੇ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਦਾ ਪ੍ਰਬੰਧ ਵੀ ਕੀਤਾ। ਇਸ ਘਟਨਾਕ੍ਰਮ ਨੂੰ ਹੈਰਾਨੀਜਨਕ ਇਸ ਕਰਕੇ ਮੰਨਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਹੀ “ਵਾਰਿਸ ਪੰਜਾਬ ਦੇ” ਜਥੇਬੰਦੀ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਸਮੇਤ ਹੋਰ ਆਗੂ ਸਰਦਾਰ ਖਾਲਸਾ ਦੀ ਰਿਹਾਇਸ਼ ‘ਤੇ ਪੁੱਜੇ ਸਨ ਅਤੇ ਉਹਨਾਂ ਨੇ ਖਾਲਸਾ ਨੂੰ ਮੁੱਖ ਬੁਲਾਰੇ ਦੇ ਤੌਰ ‘ਤੇ ਨਿਯੁਕਤ ਕੀਤਾ ਸੀ ਪ੍ਰੰਤੂ ਅੱਜ ਅਚਾਨਕ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਦੀ ਸਰਦਾਰ ਖਾਲਸਾ ਦੀ ਰਿਹਾਇਸ਼ ‘ਤੇ ਆਮਦ ਨੇ ਸਿਆਸੀ ਹਲਕਿਆਂ ਨੂੰ ਹੈਰਾਨ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਰਦਾਰ ਖਾਲਸਾ ਨੇ ਕਿਹਾ ਕਿ ਉਹ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤਹਿਤ ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਕੀਤੀ ਜਾ ਰਹੀ ਭਰਤੀ ਮੁਹਿੰਮ ਤੇ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪੁਨਰਗਠਨ ਦੀ ਮੁਹਿੰਮ ਤਹਿਤ ਸਰਗਰਮੀਆਂ ਕਰਨਗੇ। ਇਸ ਮੌਕੇ ਪੰਜ ਮੈਂਬਰੀ ਭਰਤੀ ਕਮੇਟੀ ਦੇ ਮੈਂਬਰ ਅਤੇ ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਆਗੂ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਸਰਦਾਰ ਰਾਜਦੇਵ ਸਿੰਘ ਖਾਲਸਾ ਵਰਗੇ ਤਜਰਬੇਕਾਰ ਆਗੂਆਂ ਦੀ ਮੌਜੂਦਾ ਸਮੇਂ ਦੌਰਾਨ ਕੌਮ ਨੂੰ ਲੋੜ ਹੈ ਅਤੇ ਖਾਲਸਾ ਦਾ ਅਕਾਲੀ ਦਲ ਸੁਧਾਰ ਲਹਿਰ ਦੇ ਨਾਲ ਜੁੜਨਾ ਇੱਕ ਵੱਡਾ ਹੁਲਾਰਾ ਹੈ। ਸਰਦਾਰ ਝੂੰਦਾਂ ਨੇ ਦੱਸਿਆ ਕਿ ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਕੀਤੀ ਜਾ ਰਹੀ ਭਰਤੀ ਤੋਂ ਬਾਅਦ ਡੈਲੀਗੇਟਾਂ ਦੀ ਚੋਣ ਕੀਤੀ ਜਾਵੇਗੀ ਅਤੇ ਫਿਰ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਿਆ ਜਾਵੇਗਾ।
ਪੱਤਰਕਾਰਾਂ ਨੇ ਜਦ ਝੂੰਦਾਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੀ ਜਥੇਬੰਦੀ ਵਾਰਿਸ ਪੰਜਾਬ ਦੇ ਨਾਲ ਕਿਸੇ ਤਰ੍ਹਾਂ ਦੇ ਗੱਠਜੋੜ ਸਬੰਧੀ ਸਵਾਲ ਕੀਤਾ ਤਾਂ ਝੂੰਦਾਂ ਨੇ ਕਿਹਾ ਕਿ ਰਾਜਨੀਤਿਕ ਭਾਈਵਲੀ ਕਿਸੇ ਨਾਲ ਵੀ ਸੰਭਵ ਹੈ ਪ੍ਰੰਤੂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤਹਿਤ ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਕੀਤੀ ਜਾ ਰਹੀ ਭਰਤੀ ਤੋਂ ਬਾਅਦ ਬਣਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਬਰਕਰਾਰ ਰਹੇਗੀ। ਇਸ ਮੌਕੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪੁਨਰਗਠਨ ਦੀ ਮੁਹਿੰਮ ਤਹਿਤ ਸਾਰੀ ਪ੍ਰਕਿਰਿਆ ਪੰਥਕ ਮਰਿਆਦਾ ਤਹਿਤ ਹੀ ਹੋਵੇਗੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਅਕਾਲੀ ਦਲ ਵਿੱਚ ਨਵੀਂ ਰੂਹ ਫੂਕੀ ਜਾਵੇਗੀ। ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨ ਬਣੇ ਰਹਿਣ ਦੀ ਲਾਲਸਾ ਦੇ ਕਾਰਨ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਮੌਜੂਦਾ ਮਾੜੇ ਸਿਆਸੀ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੱਖੜਾ ਨੇ ਕਿਹਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਛੱਡ ਦਿੰਦੇ ਹਨ ਤਾਂ ਉਹ ਕਿਸੇ ਨਾਲ ਵੀ ਮਿਲ ਕੇ ਚੱਲਣ ਲਈ ਤਿਆਰ ਹਨ। ਮੰਨਿਆ ਜਾ ਰਿਹਾ ਹੈ ਕਿ ਸਰਦਾਰ ਰਾਜਦੇਵ ਸਿੰਘ ਖਾਲਸਾ ਦੀ ਰਿਹਾਇਸ਼ ‘ਤੇ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਦੀ ਐਂਟਰੀ ਤੋਂ ਬਾਅਦ ਸਰਦਾਰ ਖਾਲਸਾ ਨਵੇਂ ਰਾਜਨੀਤਿਕ ਪਲੇਟਫਾਰਮ ‘ਤੇ ਆਪਣੇ ਅਗਲੇ ਸਿਆਸੀ ਜੀਵਨ ਦੀ ਨਵੀਂ ਪਾਰੀ ਦੀ ਸ਼ੁਰੂਆਤ ਕਰਨਗੇ। ਇਸ ਮੌਕੇ ਭਰਵੀਂ ਗਿਣਤੀ ਵਿੱਚ ਇਕੱਤਰ ਹੋਏ ਸਰਦਾਰ ਰਾਜਦੇਵ ਸਿੰਘ ਖਾਲਸਾ ਦੇ ਸਮਰਥਕਾਂ ਵਿੱਚ ਇਹ ਚੁੰਝ ਚਰਚਾ ਵੀ ਸੁਣੀ ਗਈ ਕਿ ਸਰਦਾਰ ਖਾਲਸਾ ਦਾ ਇਹ ਫੈਸਲਾ ਸਮੇਂ ਦੀ ਲੋੜ ਮੁਤਾਬਕ ਹੈ ਜੋ ਸਰਦਾਰ ਖਾਲਸਾ ਲਈ ਨਵੇਂ ਰਾਜਨੀਤਿਕ ਸਮੀਕਰਨਾਂ ਦਾ ਰਾਹ ਖੋਲੇਗਾ ਅਤੇ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਨੂੰ ਵੀ ਇੱਕ ਤਜਰਬੇਕਾਰ ਬੇਬਾਕ ਸਿਆਸਤਦਾਨ ਦਾ ਸਾਥ ਮਿਲੇਗਾ।