-ਕੈਨੇਡਾ ‘ਚ ਵਿਛੋੜਾ ਦੇਣ ਵਾਲੀ ਮਨਪ੍ਰੀਤ ਦਾ ਪਿੰਡ ਹਮੀਦੀ ‘ਚ ਹੋਇਆ ਸਸਕਾਰ
ਬਰਨਾਲਾ, 20 ਅਗਸਤ ( ਨਿਰਮਲ ਸਿੰਘ ਪੰਡੋਰੀ )-ਜ਼ਿਲ੍ਹੇ ਦੇ ਪਿੰਡ ਹਮੀਦੀ ਦੀ ਮਨਪ੍ਰੀਤ ਕੌਰ ਦੀ ਮ੍ਰਿਤਕ ਦੇਹ ਕੈਨੇਡਾ ਤੋਂ ਪਿੰਡ ਪੁੱਜਣ ‘ਤੇ ਉਸ ਦਾ ਅੰਤਿਮ ਸਸਕਾਰ ਪਿੰਡ ਹਮੀਦੀ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ । ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਤਰ ਲੋਕਾਂ ਨੇ ਸੇਜਲ ਅੱਖਾਂ ਨਾਲ ਮਨਪ੍ਰੀਤ ਕੌਰ ਨੂੰ ਅੰਤਿਮ ਵਿਦਾਇਗੀ ਦਿੱਤੀ। 9 ਅਗਸਤ ਨੂੰ ਮਨਪ੍ਰੀਤ ਕੌਰ ਦੀ ਮਿਸੀਸਾਗਾ (ਕੈਨੇਡਾ) ਵਿੱਚ ਇਲਾਜ਼ ਦੌਰਾਨ ਬੇਵਕਤੀ ਮੌਤ ਹੋ ਗਈ ਸੀ । ਕ੍ਰਾਂਤੀਕਾਰੀ ਕਿਸਾਨ ਆਗੂ ਕੇਵਲ ਸਿੰਘ ਦੀ ਬੇਟੀ ਮਨਪ੍ਰੀਤ, ਕੈਨੇਡਾ ਦੇ ਸੂਬੇ ਟਰਾਂਟੋ ਮਿਸੀਸਾਗਾ ਸ਼ਹਿਰ ਵਿੱਚ ਪੜ੍ਹਾਈ ਕਰਨ ਲਈ ਇੱਕ ਸਾਲ ਪਹਿਲਾਂ ਗਈ ਸੀ। ਅੱਜ 11 ਦਿਨਾਂ ਬਾਅਦ ਜਦ ਮਨਪ੍ਰੀਤ ਕੌਰ ਦੀ ਮ੍ਰਿਤਕ ਦੇਹ ਹਮੀਦੀ ਪੁੱਜੀ ਤਾਂ ਪਿੰਡ ਦੇ ਹਰ ਘਰ ਦੇ ਵਿਹੜੇ ‘ਚ ਗ਼ਮਾਂ ਦਾ ਪਸਾਰਾ ਸੀ । ਇਸ ਮੌਕੇ ਇਨਕਲਾਬੀ ਕੇਂਦਰ, ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਨੇ ਇਨ੍ਹਾਂ ਅਸਾਧਾਰਨ, ਬੇਵਕਤੀ, ਅਸਿਹ ਤੇ ਅਕਿਹ ਮੌਤਾਂ ਦੇ ਕਾਰਨਾਂ ਪ੍ਰਤੀ ਚਿੰਤਾ ਅਤੇ ਗੰਭੀਰ ਚਿੰਤਨ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਕਿਉਂਕਿ ਪੋਸਟਮਾਰਟਮ ਦੀ ਰਿਪੋਰਟ ਅਨੁਸਾਰ ਮਨਪ੍ਰੀਤ ਕੌਰ ਕਈ ਮਹੀਨਿਆਂ ਤੋਂ ਨਮੂਨੀਏ ਦੀ ਬਿਮਾਰੀ ਦਾ ਸ਼ਿਕਾਰ ਸੀ ਫਿਰ ਵੀ ਮਾਪਿਆਂ ਦੀ ਤੰਗੀ-ਤੁਰਸ਼ੀ ਨੇ ਉਸ ਨੂੰ ਵੇਅਰਹਾਊਸ ਅਤੇ ਫੈਕਟਰੀ ਵਿੱਚ ਕੰਮ ਕਰਨ ਲਈ ਮਜ਼ਬੂਰ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਨੌਜਵਾਨਾਂ ਦੀਆਂ ਬੇਵਕਤੀ ਮੌਤਾਂ ਵਡੇਰੇ ਚਿੰਤਨ ਦਾ ਵਿਸ਼ਾ ਹਨ ਕਿ ਕਿਵੇਂ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਮਨਪ੍ਰੀਤ ਵਾਂਗ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਗਏ ਨੌਜਵਾਨ ਪੜ੍ਹਾਈ ਅਤੇ ਕੰਮ ਦੇ ਦਬਾਅ ਹੇਠ ਜ਼ਿੰਦਗੀ ਜਿਉਂ ਰਹੇ ਹਨ। ਵੱਖ-ਵੱਖ ਜਨਤਕ ਜਥੇਬੰਦੀਆਂ ਦੇ ਆਗੂਆਂ ,ਪੰਚਾਇਤਾਂ,ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਕੋਲੋਂ ਪਰਿਵਾਰ ਦੀ ਆਰਥਿਕ ਮੱਦਦ ਕਰਨ ਦੀ ਮੰਗ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।










