Skip to main content

Gee 98News

ਕੌੜਤੂੰਬਾ…ਅਤੀ ਜ਼ਰੂਰੀ ਲੋੜ ਪੈਣ ‘ਤੇ ਵੀ ਹੁਣ “ਨੇਤਾ” ਜੀ ਸਕੂਲ ਦੇ ਪਖ਼ਾਨਿਆਂ ਦੀ ਵਰਤੋਂ ਨਹੀਂ ਕਰਨਗੇ…!

-ਮੌਸਮ ਵਿਭਾਗ ਦੇ ਅਨੁਸਾਰ ਪੰਜਾਬ ‘ਚ ਦੋ ਦਿਨਾਂ ਦਾ ਮੌਸਮ ਖਰਾਬ ਰਹਿਣ ਦੇ ਆਸਾਰ ਨੇ..ਬੀਤੀ ਰਾਤ ਤੋਂ ਪੰਜਾਬ ਦੇ ਵਿੱਚ ਕੁਝ ਥਾਵਾਂ ‘ਤੇ ਤੇਜ਼ ਹਵਾਵਾਂ ਤੇ ਕੁਝ ਥਾਵਾਂ ‘ਤੇ ਹਨੇਰੀ ਚੱਲ ਰਹੀ ਹੈ। ਦੂਜੇ ਪਾਸੇ ਪੰਜਾਬ ਦੇ ਸਕੂਲਾਂ ‘ਚ ਸਿੱਖਿਆ ਕ੍ਰਾਂਤੀ ਦੀ ਹਨੇਰੀ ਕੁਝ ਮੱਠੀ ਪੈ ਗਈ ਹੈ। ‌ਕੁਝ ਦਿਨ ਪਹਿਲਾਂ ਪੰਜਾਬ ਦੀ ‘ਆਪ’ ਸਰਕਾਰ ਨੇ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਪਿਛਲੇ ਦੋ ਤਿੰਨ ਸਾਲ ਤੋਂ ਹੋਏ ਵਿਕਾਸ ਕੰਮਾਂ ਦੇ ਉਦਘਾਟਨਾਂ ਦੇ ਕਾਰਜ ਹਨੇਰੀ ਵਾਂਗ ਸ਼ੁਰੂ ਕੀਤੇ ਸਨ ਪ੍ਰੰਤੂ ਇਸ ਹਨੇਰੀ ਨੇ ਸੂਬੇ ਦੇ ਮੁੱਖ ਮੰਤਰੀ ਸਮੇਤ ਸਾਰੀ ਸਰਕਾਰ ਨੂੰ ਹੀ ਭਟਕਾ ਦਿੱਤਾ। ਸਕੂਲਾਂ ਵਿੱਚ ਕੀਤੇ ਵਿਕਾਸ ਕਾਰਜਾਂ ਦੇ ਉਦਘਾਟਨ ਦੀ ਇਸ ਹਨੇਰੀ ਨੇ ਸੱਤਾਧਾਰੀ ਪਾਰਟੀ ਦੇ ਆਗੂਆਂ ਦੀ “ਦਿਮਾਗੀ ਵਾਲ” ਅਜਿਹੇ ਖਿਲਾਰ ਦਿੱਤੇ ਕਿ ਸਕੂਲਾਂ ਵਿੱਚ ਉਦਘਾਟਨ ਕਰਨ ਪੁੱਜੇ ਮੰਤਰੀ/ਵਿਧਾਇਕ ਸਕੂਲਾਂ ਦੇ ਪਖ਼ਾਨਿਆਂ ‘ਚ ਜਾ ਵੜੇ। 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਉਹਨਾਂ ਦੀ ਸਰਕਾਰ ਬਣੀ ਤਾਂ ਉਹ ਸਾਰੇ ਕੰਮ ਕੀਤੇ ਜਾਣਗੇ ਜੋ ਪਹਿਲਾਂ 70 ਸਾਲਾਂ ਵਿੱਚ ਨਹੀਂ ਹੋਏ। ਆਪਣੇ ਵਾਅਦੇ ‘ਤੇ ਕਾਇਮ ਰਹਿੰਦੇ ਹੋਏ ਸਰਕਾਰ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਬਿਲਕੁਲ ਉਹ ਕੰਮ ਕਰਨੇ ਸ਼ੁਰੂ ਕਰ ਦਿੱਤੇ ਜੋ ਪਹਿਲਾਂ 70 ਸਾਲਾਂ ਵਿੱਚ ਕਦੇ ਵੀ ਨਹੀਂ ਹੋਏ। ‌ ਅਜਿਹਾ ਪਹਿਲਾਂ ਕਦੇ ਵੀ ਨਹੀਂ ਹੋਇਆ ਹੋਵੇਗਾ ਕਿ ਸਕੂਲਾਂ ‘ਚ ਵਿਦਿਆਰਥੀਆਂ ਲਈ ਬਣੇ ਪਖ਼ਾਨਿਆਂ ਦੇ ਉਦਘਾਟਨੀ ਪੱਥਰ ਮੁੱਖ ਮੰਤਰੀ ਜਾਂ ਮੰਤਰੀਆਂ ਨੇ ਲਗਾਏ ਹੋਣ, ਫੋਕੀ ਵਾਹ ਵਾਹ ਖੱਟਣ ਦੇ ਚਾਅ ਵਿੱਚ ਸੱਤਾਧਾਰੀ ਪਾਰਟੀ ਦੇ ਆਗੂਆਂ ਨੂੰ ਇਹ ਯਾਦ ਚੇਤੇ ਹੀ ਨਹੀਂ ਰਿਹਾ ਕਿ ਪਖ਼ਾਨਿਆਂ ਦੇ ਉਦਘਾਟਨੀ ਪੱਥਰਾਂ ਦੀ ਚਮਕ ‌ ਉਹਨਾਂ ਦੇ ਅਕਸ ਨੂੰ ਧੁੰਦਲਾ ਕਰ ਦੇਵੇਗੀ। ਸਕੂਲਾਂ ਵਿੱਚ ਪਖ਼ਾਨਿਆਂ ਦੀ ਮਰੰਮਤ ਦੇ ਉਦਘਾਟਨੀ ਪੱਥਰਾਂ ਦੀਆਂ ਤਸਵੀਰਾਂ ਜਿਉਂ ਹੀ ਸ਼ੋਸ਼ਣ ਮੀਡੀਆ ‘ਤੇ ਵਾਇਰਲ ਹੋਈਆਂ ਤਾਂ ਲੋਕਾਂ ਨੇ ਸੱਤਾਧਾਰੀ ਮੰਤਰੀਆਂ ਵਿਧਾਇਕਾਂ ਦੀ ਰੱਜ ਕੇ ਰੇਲ ਬਣਾਈ। ਸੋਸ਼ਲ ਮੀਡੀਆ ‘ਤੇ ਇਹਨਾਂ ਪਖ਼ਾਨਿਆਂ ਦੇ ਉਦਘਾਟਨੀ ਪੱਥਰਾਂ ਦੀਆਂ ਤਸਵੀਰਾਂ ਦੀ ਅਜਿਹੀ ਹਨੇਰੀ ਚੱਲੀ ਜਿਸ ਨੇ ਸਰਕਾਰ ਦੇ ਸਕੂਲਾਂ ‘ਚ ਵਿਕਾਸ ਕਾਰਜਾਂ ਦੇ ਉਦਘਾਟਨਾਂ ਦੀ ਹਨੇਰੀ ਨੂੰ ਮੱਠਾ ਕਰ ਦਿੱਤਾ। ਪਖ਼ਾਨਿਆਂ ਦੇ ਉਦਘਾਟਨੀ ਪੱਥਰਾਂ ਨਾਲ ਸਬੰਧਿਤ ‌ ਮਜਾਹੀਆ ਤਸਵੀਰਾਂ ਅਤੇ ਟਿੱਪਣੀਆਂ ਨੂੰ ਵੇਖਦੇ ਹੋਏ ਆਪ ਦੇ ਮੰਤਰੀ ਅਤੇ ਵਿਧਾਇਕ ਆਪਣੇ ਘਰੋ ਘਰੀਂ ਬੈਠੇ ਸ਼ਰਮਸ਼ਾਰ ਹੁੰਦੇ ਰਹੇ। ਇਸ ਬੇਸ਼ਰਮੀ ਦੇ ਮਾਹੌਲ ਵਿੱਚੋਂ ਬਾਹਰ ਨਿਕਲਣ ਲਈ ਆਖਰ ਸਰਕਾਰ ਨੇ ਇਹ ਫੈਸਲਾ ਕਰ ਲਿਆ ਕਿ ਕਿਸੇ ਵੀ ਸਕੂਲ ਵਿੱਚ ਪਖ਼ਾਨਿਆਂ ਦਾ ਕੋਈ ਉਦਘਾਟਨ ਨਹੀਂ ਹੋਵੇਗਾ, ਜਦ ਕਿ ਡੇਢ ਦੋ ਸਾਲ ਪਹਿਲਾਂ ਮੁਕੰਮਲ ਹੋ ਚੁੱਕੇ ਹੋਰ ਵਿਕਾਸ ਕਾਰਜਾਂ ਦੇ ਉਦਘਾਟਨੀ ਸਮਾਰੋਹ ਜਾਰੀ ਰਹਿਣਗੇ। ਬਹਰਰਾਲ ! ਸਕੂਲਾਂ ‘ਚ ਪਖ਼ਾਨਿਆਂ ਦੀ ਉਦਘਾਟਨੀ ਮੁਹਿੰਮ ਨੇ ਪੰਜਾਬ ਸਰਕਾਰ ਨੂੰ ਅਜਿਹਾ ਸ਼ਰਮਸਾਰ ਕੀਤਾ ਕਿ ਹੁਣ ਰੂਟੀਨ ਦੀ ਚੈਕਿੰਗ ਸਮੇਂ ਵੀ ਸਕੂਲਾਂ ‘ਚ ਜਾਣ ਵਾਲੇ ਵਿਧਾਇਕ ਅਤੇ ਮੰਤਰੀ ਸਰੀਰਿਕ ਲੋੜ ਪੈਣ ‘ਤੇ ਵੀ ਸਕੂਲ ਦੇ ਪਖ਼ਾਨੇ ਤੱਕ ਨਹੀਂ ਜਾਣਗੇ।

error: Content is protected !!