Gee 98News

ਪੰਜਾਬ ਦੇ ਮੰਤਰੀ ਨੇ ਲਾਰੈਂਸ ਬਿਸ਼ਨੋਈ ਨੂੰ ਦਿੱਤਾ ਵਿਸ਼ੇਸ਼ ਸਤਿਕਾਰ…ਪੜ੍ਹੋ ਖ਼ਬਰ

-ਪੰਜਾਬ ਦੀ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਮੋਸਟ ਵਾਂਟੇਡ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਨੂੰ “ਜੀ” ਕਹਿ ਕੇ ਸਨਮਾਨਿਤ ਕਰਨ ਕਰਕੇ ਵਿਵਾਦਾਂ ਦੇ ਘੇਰੇ ਵਿੱਚ ਆ ਗਏ ਹਨ। ਜ਼ਿਕਰਯੋਗ ਹੈ ਕਿ 7 ਅਪ੍ਰੈਲ ਦੀ ਰਾਤ ਨੂੰ ਸਾਬਕਾ ਭਾਜਪਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ‘ਤੇ ਹੋਏ ਗਰਨੇਡ ਹਮਲੇ ਤੋਂ ਬਾਅਦ 8 ਅਪ੍ਰੈਲ ਨੂੰ ਸਵੇਰੇ ਕੈਬਨਿਟ ਮੰਤਰੀ ਮਹਿੰਦਰ ਭਗਤ ਮਨੋਰੰਜਨ ਕਾਲੀਆ ਦੇ ਘਰ ਗਏ ਸਨ ਅਤੇ ਬਾਅਦ ਵਿੱਚ ਉਹਨਾਂ ਨੇ ਉੱਥੇ ਮੀਡੀਆ ਨਾਲ ਗੱਲਬਾਤ ਵੀ ਕੀਤੀ ਸੀ ਜਿਸ ਦੌਰਾਨ ਮਹਿੰਦਰ ਭਗਤ ਨੇ ਬਿਸ਼ਨੋਈ ਅਤੇ ਸ਼ਹਿਜ਼ਾਦ ਭੱਟੀ ਲਈ “ਜੀ” ਸ਼ਬਦ ਦੀ ਵਰਤੋਂ ਕੀਤੀ। ਮਹਿੰਦਰ ਭਗਤ ਦੀ ਇਹ ਵੀਡੀਓ ਭਾਵੇਂ 8 ਅਪ੍ਰੈਲ ਦੀ ਹੈ ਪ੍ਰੰਤੂ ਕੁਝ ਦਿਨ ਪਹਿਲਾਂ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਨੇ ਇੰਟਰਨੈਟ ‘ਤੇ ਇੱਕ ਰੀਲ ਸਾਂਝੀ ਕੀਤੀ ਜਿਸ ਵਿੱਚ ਉਹ ਕਹਿ ਰਿਹਾ ਹੈ ਕਿ “ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਜਾਂ ਨਹੀਂ…ਜੇਕਰ ਨਹੀਂ ਸੁਣਾਈ ਦਿੱਤੀ ਤਾਂ ਇੱਕ ਹਫ਼ਤੇ ਦੇ ਅੰਦਰ ਅੰਦਰ ਦੁਬਾਰਾ ਸੁਣਾਈ ਜਾਵੇਗੀ”। ਇਸੇ ਰੀਲ ਵਿੱਚ ਭੱਟੀ ਨੇ ਪੰਜਾਬ ਸਰਕਾਰ ਦੇ ਮੰਤਰੀ ਮਹਿੰਦਰ ਭਗਤ ਦੀ ਇੱਕ ਵੀਡੀਓ ਕਲਿੱਪ ਵੀ ਪੋਸਟ ਕੀਤੀ ਸੀ ਜਿਸ ਵਿੱਚ ਮੰਤਰੀ ਮਹਿੰਦਰ ਭਗਤ ‘ਬਿਸ਼ਨੋਈ ਜੀ ਅਤੇ ਭੱਟੀ ਜੀ’ ਕਹਿ ਰਹੇ ਹਨ। ਮਹਿੰਦਰ ਭਗਤ ਦੀ ਇਸ ਵੀਡੀਓ ਕਲਿੱਪ ਤੇ ਸ਼ਹਿਜ਼ਾਦ ਭੱਟੀ ਨੇ ਟਿੱਪਣੀ ਵੀ ਕੀਤੀ ਕਿ ਦੇਖੋ ਸਾਡੀ ਕਿੰਨੀ ਚੜਾਈ ਹੈ, ਪੰਜਾਬ ਸਰਕਾਰ ਦੇ ਮੰਤਰੀ ਵੀ ਸਾਨੂੰ ‘ਜੀ’ ਕਹਿ ਕੇ ਬੁਲਾਉਂਦੇ ਹਨ। ਸ਼ਹਿਜ਼ਾਦ ਭੱਟੀ ਦੀ ਇਹ ਵੀਡੀਓ ਇੰਟਰਨੈਟ ‘ਤੇ ਵਾਇਰਲ ਹੋਣ ਤੋਂ ਬਾਅਦ ਮਹਿੰਦਰ ਭਗਤ ਦਾ 8 ਅਪ੍ਰੈਲ ਦਾ ਵੀਡੀਓ ਵੀ ਚਰਚਾ ਵਿੱਚ ਆ ਗਿਆ ਤੇ ਉਹ ਭਾਜਪਾ ਨੇਤਾਵਾਂ ਦੇ ਨਿਸ਼ਾਨੇ ‘ਤੇ ਆ ਗਏ ਹਨ। ਮਹਿੰਦਰ ਭਗਤ ਆਪਣੇ ਇੱਕ ਹੋਰ ਬਿਆਨ ਕਰਕੇ ਵੀ ਨਿਸ਼ਾਨੇ ‘ਤੇ ਆ ਗਏ ਹਨ, ਜਿਸ ਵਿੱਚ ਉਹ ਆਖ ਰਹੇ ਹਨ ਕਿ ਮਨੋਰੰਜਨ ਕਾਲੀਆ ਦੇ ਘਰ ਗਰਨੇਡ ਹਮਲੇ ਦੀ ਸਾਜਿਸ਼ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਪਾਕਿਸਤਾਨੀ ਡਾਨ ਸ਼ਹਿਜਾਦ ਭੱਟੀ ਨੇ ਰਚੀ ਸੀ। ਭਾਜਪਾ ਨੇਤਾਵਾਂ ਨੇ ਮਹਿੰਦਰ ਭਗਤ ਦੇ ਇਸ ਬਿਆਨ ‘ਤੇ ਸਵਾਲ ਚੁੱਕਦੇ ਹੋਏ ਕਿਹਾ ਕਿ 7 ਅਪ੍ਰੈਲ ਦੀ ਰਾਤ ਨੂੰ ਗਰਨੇਡ ਧਮਾਕਾ ਹੋਇਆ ਅਤੇ 8 ਅਪ੍ਰੈਲ ਦੀ ਸਵੇਰ ਹੀ ਪੰਜਾਬ ਸਰਕਾਰ ਦਾ ਮੰਤਰੀ ਮਹਿੰਦਰ ਭਗਤ ਸਟੇਟਮੈਂਟ ਦੇ ਰਿਹਾ ਹੈ ਕਿ ਗਰਨੇਡ ਹਮਲੇ ਪਿੱਛੇ ਬਿਸ਼ਨੋਈ ਅਤੇ ਸ਼ਹਿਜ਼ਾਦ ਭੱਟੀ ਦਾ ਹੱਥ ਹੈ। ਜਦੋਂ ਕਿ ਡੀਜੀਪੀ ਪੰਜਾਬ ਸ਼ਾਮ 5 ਵਜੇ ਉਹੀ ਗੱਲ ਦੁਹਰਾਉਂਦੇ ਹਨ। ਭਾਜਪਾ ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਸ ਦੇ ਕੈਬਨਿਟ ਮੰਤਰੀ ਕੋਲ ਕਿਹੜਾ ਅਜਿਹਾ ਸਰੋਤ ਦੀ ਜਿਸ ਰਾਹੀ ਉਸ ਨੂੰ ਸਵੇਰੇ ਹੀ ਪਤਾ ਲੱਗ ਗਿਆ ਕਿ ਮਨੋਰੰਜਨ ਕਾਲੀਆ ਦੇ ਘਰ ‘ਤੇ ਹੋਏ ਗਰਨੇਡ ਹਮਲੇ ਲਈ ਸਾਜਿਸ਼ ਕਿਸ ਨੇ ਰਚੀ।

error: Content is protected !!