Gee 98News

ਗਰੀਨ ਕਾਰਡ ਹੋਲਡਰਜ਼ ਨੂੰ ਟਰੰਪ ਦਾ ਦਬਕਾ…ਅਮਰੀਕਾ ਦੇ ਕਾਨੂੰਨਾਂ ਦੀ ਪਾਲਣਾ ਕਰੋ, ਨਹੀਂ ਤਾਂ ਇੱਥੋਂ ਕੱਢ ਦੇਵਾਂਗੇ

-ਅਮਰੀਕਾ ਦੇ ਇੰਮੀਗ੍ਰੇਸ਼ਨ ਵਿਭਾਗ ਵੱਲੋਂ ਗਰੀਨ ਕਾਰਡ ਹੋਲਡਰਜ਼ ਨੂੰ ਚਿਤਾਵਨੀ ਦਿਤੀ ਗਈ ਹੈ ਕਿ ਉਥੋਂ ਦੇ ਕਾਨੂੰਨਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਡਿਪੋਰਟ ਕਰ ਦਿੱਤਾ ਜਾਵੇਗਾ। ਗ਼ੈਰ ਕਾਨੂੰਨੀ ਤੌਰ ‘ਤੇ ਅਮਰੀਕਾ ਪੁੱਜੇ ਵਿਦੇਸ਼ੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਤੋਂ ਬਾਅਦ ਹੁਣ ਅਮਰੀਕਾ ਨੇ ਗਰੀਨ ਕਾਰਡ ਹੋਲਡਰਜ਼ ਨੂੰ ਵੀ ਕਿਹਾ ਕਿ ‌ਉਹ ਮੁਲਕ ਵਿਚ ਮਹਿਮਾਨ ਵਾਂਗ ਰਹਿਣ ਤੇ ਸਥਾਨਕ ਕਾਨੂੰਨ ਦੀ ਪਾਲਣਾ ਕਰਨ ਪ੍ਰੰਤੂ ਪਾਲਣਾ ਨਾ ਕਰਨ ਵਾਲਿਆਂ ਨੂੰ ਕਿਸੇ ਵੀ ਵੇਲੇ ਡਿਪੋਰਟ ਕੀਤਾ ਜਾ ਸਕਦਾ ਹੈ। ਸਿਟੀਜ਼ਨਸ਼ਿਪ ਅਤੇ ਇੰਮੀਗ੍ਰੇਸ਼ਨ ਸੇਵਾਵਾਂ ਵਿਭਾਗ ਨੇ ਸਪੱਸ਼ਟ ਆਖ ਦਿੱਤਾ ਹੈ ਕਿ ਜਿਹੜੇ ਲੋਕ ਸਾਡੇ ਕਾਨੂੰਨ ਅਤੇ ਕਦਰਾਂ ਕੀਮਤਾਂ ਦਾ ਸਤਿਕਾਰ ਨਹੀਂ ਕਰਦੇ ਉਹਨਾਂ ਨੂੰ ਅਮਰੀਕਾ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈ। ‌ ਅਮਰੀਕਾ ਨੇ ਗ੍ਰੀਨ ਕਾਰਡ ਹੋਲਡਰ ਨੂੰ ਕਿਹਾ ਕਿ ਤੁਸੀਂ ਸਾਡੇ ਮਹਿਮਾਨ ਹੋ, ਮਹਿਮਾਨਾਂ ਵਾਂਗ ਰਹੋ, ਜ਼ਿਆਦਾ ਹਿਲਜੁਲ ਡਿਪੋਰਟ ਕਰਵਾ ਦੇਵੇਗੀ ਕਿਉਂਕਿ ਅਮਰੀਕਾ ਨੂੰ ਸੁਰੱਖਿਅਤ ਰੱਖਣ ਵਾਸਤੇ ਚੌਕਸੀ ਬੇਹੱਦ ਜ਼ਰੂਰੀ ਹੈ ਅਤੇ ਚੰਗਾ ਹੋਵੇਗਾ ਜੇ ਤੁਸੀਂ ਵਿਵਾਦਾਂ ਤੋਂ ਦੂਰ ਰਹੋ। ਜ਼ਿਕਰਯੋਗ ਹੈ ਕਿ ਟਰੰਪ ਸਰਕਾਰ ਅਮਰੀਕਾ ਵਿਚ ‘ਕੈਚ ਐਂਡ ਰੀਵੋਕ’ ਨੀਤੀ ਲਾਗੂ ਕਰ ਚੁੱਕੀ ਹੈ ਅਤੇ ਇਸ ਅਧੀਨ ਗਰੀਨ ਕਾਰਡ ਵਾਲਿਆਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਨਵੀਂ ਨੀਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਮਰੀਕਾ ਵਿਚ ਮੌਜੂਦ ਕੋਈ ਵੀ ਸ਼ਖਸ ਜੋ ਇਥੋਂ ਦਾ ਨਾਗਰਿਕ ਨਹੀਂ, ਉਸ ਨੂੰ ਕਾਨੂੰਨ ਤੋੜਨ ਦੀ ਸਖ਼ਤ ਸਜ਼ਾ ਮਿਲੇਗੀ ਅਤੇ ਇੰਮੀਗ੍ਰੇਸ਼ਨ ਸਟੇਟਸ ਰੱਦ ਕਰ ਦਿਤਾ ਜਾਵੇਗਾ। ਗਰੀਨ ਕਾਰਡ ਹੋਲਡਰਜ਼ ਦੇ ਖ਼ਿਲਾਫ਼ ਸ਼ੁਰੂ ਕੀਤੀ ਅਮਰੀਕਾ ਦੀ ਇਸ ਮੁਹਿੰਮ ਦਾ ਇੱਕ ਮਹੱਤਵਪੂਰਨ ਪੱਖ ਇਹ ਵੀ ਹੈ ਕਿ ਪਹਿਲਾਂ ਗਰੀਨ ਕਾਰਡ ਰੱਦ ਹੋਣ ‘ਤੇ ਅਦਾਲਤ ਵਿਚ ਚੁਣੌਤੀ ਦਿਤੀ ਜਾ ਸਕਦੀ ਸੀ ਪਰ ਹੁਣ ਅਜਿਹਾ ਕੋਈ ਰਾਹ ਖੁੱਲ੍ਹਾ ਨਹੀਂ ਰੱਖਿਆ ਗਿਆ।

error: Content is protected !!