ਚੰਡੀਗੜ੍ਹ,16 ਮਈ, Gee98 News service
-ਪੰਜਾਬ ਰਾਜ ਮੰਡੀ ਬੋਰਡ ਦੇ ਇੱਕ ਸੁਪਰਵਾਈਜ਼ਰ ਨੂੰ ਆਪਣੇ ਕਮਰੇ ‘ਚ ਬੁਲਾ ਕੇ ਕੁੱਟਮਾਰ ਕਰਕੇ ਜ਼ਖਮੀ ਕਰਨ ਵਾਲੇ ਮਾਰਕੀਟ ਕਮੇਟੀ ਦੇ ਇੱਕ ਚੇਅਰਮੈਨ ਨੂੰ ਅਹੁਦੇ ਤੋਂ ਹਟਾਉਣ ਦੀ ਸਿਫਾਰਸ ਪੰਜਾਬ ਸਰਕਾਰ ਨੂੰ ਕੀਤੀ ਗਈ ਹੈ। ਇਸ ਸਬੰਧੀ ਇੱਕ ਪੱਤਰ ਮੰਡੀ ਬੋਰਡ ਦੇ ਡਿਪਟੀ ਜਨਰਲ ਮੈਨੇਜਰ/ਸਕੱਤਰ ਮੰਡੀ ਬੋਰਡ ਵੱਲੋਂ ਪੰਜਾਬ ਸਰਕਾਰ ਨੂੰ ਲਿਖਿਆ ਗਿਆ ਕਿ ਕੁਲਦੀਪ ਸਿੰਘ ਸੰਧੂ ਚੇਅਰਮੈਨ ਮਾਰਕੀਟ ਕਮੇਟੀ ਅਰਨੀਵਾਲਾ ਜਿਲਾ ਫਾਜ਼ਿਲਕਾ ਨੇ ਮਾਰਕੀਟ ਕਮੇਟੀ ਅਰਨੀਵਾਲਾ ਵਿਖੇ ਤਾਇਨਾਤ ਮੰਡੀ ਸੁਪਰਵਾਈਜ਼ਰ ਗੌਰਵ ਮੌਂਗਾ ਨੂੰ 27 ਅਪ੍ਰੈਲ 2025 ਨੂੰ ਆਪਣੇ ਕਮਰੇ ‘ਚ ਬੁਲਾ ਕੇ ਕੁੱਟਮਾਰ ਕੀਤੀ ਅਤੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਇਆ। ਸੁਪਰਵਾਈਜ਼ਰ ਗੌਰਵ ਮੌਗਾ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ ‘ਤੇ ਥਾਣਾ ਅਰਨੀਵਾਲਾ ਵਿਖੇ ਚੇਅਰਮੈਨ ਕੁਲਦੀਪ ਸੰਧੂ ਦੇ ਖ਼ਿਲਾਫ਼ ਮੁਕੱਦਮਾ ਵੀ ਦਰਜ ਕੀਤਾ ਗਿਆ ਹੈ। ਜਿਸ ਤੋਂ ਬਾਅਦ ਮੰਡੀ ਬੋਰਡ ਦੇ ਕਾਨੂੰਨੀ ਸਲਾਹਕਾਰ ਵੱਲੋਂ ਦਿੱਤੀ ਕਾਨੂੰਨੀ ਰਾਏ ਨੂੰ ਧਿਆਨ ਵਿੱਚ ਰੱਖਦੇ ਹੋਏ ਚੇਅਰਮੈਨ ਕੁਲਦੀਪ ਸਿੰਘ ਸੰਧੂ ਵਿਰੁੱਧ ਐਕਟ ਦੀ ਧਾਰਾ 15 ਅਨੁਸਾਰ ਕਾਰਵਾਈ ਅਮਲ ਵਿੱਚ ਲਿਆਉਣ ਲਈ ਸੁਪਰਡੈਂਟ ਗ੍ਰੇਡ-1 ਪੰਜਾਬ ਸਰਕਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ (ਮੰਡੀ ਸਾਖਾ) ਨੂੰ ਸਿਫਾਰਸ਼ ਕੀਤੀ ਗਈ ਹੈ। ਦੱਸ ਦੇਈਏ ਕਿ ਮਾਰਕੀਟ ਕਮੇਟੀ ਵਿੱਚ ਚੇਅਰਮੈਨ ਦੀ ਨਾਮਜ਼ਦਗੀ ਅਤੇ ਹਟਾਉਣ ਸਬੰਧੀ ਕਾਰਵਾਈ ਪੰਜਾਬ ਸਰਕਾਰ ਪੱਧਰ ‘ਤੇ ਕੀਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ 27 ਅਪ੍ਰੈਲ 2025 ਨੂੰ ਮਾਰਕੀਟ ਕਮੇਟੀ ਅਰਨੀਵਾਲਾ ਅਧੀਨ ਆੜਤੀਆਂ ਅਤੇ ਚੇਅਰਮੈਨ ਸੰਧੂ ਦੇ ਵਿਚਕਾਰ ਇੱਕ ਝਗੜੇ ਦੇ ਚਲਦਿਆਂ ਚੇਅਰਮੈਨ ਸੰਧੂ ਨੇ ਸੁਪਰਵਾਈਜ਼ਰ ਗੌਰਵ ਮੌਗਾ ਨੂੰ ਆਪਣੇ ਕਮਰੇ ਵਿੱਚ ਬੁਲਾਇਆ ਤੇ ਉਸ ਦੀ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਸੁਪਰਵਾਈਜ਼ਰ ਦੋ-ਤਿੰਨ ਦਿਨ ਹਸਪਤਾਲ ਵਿੱਚ ਦਾਖਲ ਵੀ ਰਿਹਾ ਤੇ ਉਸ ਦੀ ਸ਼ਿਕਾਇਤ ਦੇ ਅਧਾਰ ‘ਤੇ ਚੇਅਰਮੈਨ ਦੇ ਖ਼ਿਲਾਫ਼ ਪੁਲਿਸ ਕਾਰਵਾਈ ਵੀ ਕੀਤੀ ਗਈ। ਜਿਸ ਤੋਂ ਬਾਅਦ ਪੰਜਾਬ ਭਰ ਦੀਆਂ ਮੰਡੀਆਂ ਵਿੱਚ ਸਮੂਹ ਕਰਮਚਾਰੀਆਂ ਨੇ ਚੇਅਰਮੈਨ ਕੁਲਦੀਪ ਸੰਧੂ ਦੇ ਖ਼ਿਲਾਫ਼ ਪ੍ਰਦਰਸ਼ਨ ਵੀ ਕੀਤਾ ਤੇ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਸੀ ਕਿ ਜੇਕਰ ਸੰਧੂ ਨੂੰ ਜਲਦੀ ਅਹੁਦੇ ਤੋਂ ਨਾ ਹਟਾਇਆ ਗਿਆ ਤਾਂ ਸਾਰਾ ਕੰਮ ਕਾਜ ਬੰਦ ਕਰ ਦਿੱਤਾ ਜਾਵੇਗਾ ਅਤੇ ਅਤੇ ਹੁਣ ਕਰੀਬ ਘਟਨਾ ਤੋਂ 20 ਦਿਨਾਂ ਬਾਅਦ ਚੇਅਰਮੈਨ ਨੂੰ ਅਹੁਦੇ ਤੋਂ ਹਟਾਉਣ ਦੀ ਸਿਫਾਰਿਸ਼ ਕੀਤੀ ਗਈ ਹੈ।