Gee 98News

ਸਾਰਾ ਟੱਬਰ ਹੀ ਨਸ਼ੇ ਦੇ ਗੋਰਖਧੰਦੇ ਵਿੱਚ ਸ਼ਾਮਿਲ…ਪੁਲਿਸ ਨੇ ਕਸਿਆ ਸਿਕੰਜਾ

ਬਰਨਾਲਾ 17 ਮਈ, Gee98 News service

ਬਰਨਾਲਾ ਪੁਲਿਸ ਨੇ ਇੱਕ ਅਜਿਹੇ ਪਰਿਵਾਰ ‘ਤੇ ਸ਼ਿਕੰਜਾ ਕਸਿਆ ਹੈ ਜੋ ਪਿਛਲੇ ਕਈ ਸਾਲਾਂ ਤੋਂ ਨਸ਼ਾ ਤਸਕਰੀ ਦੇ ਗੋਰਖ ਧੰਦੇ ਵਿੱਚ ਸ਼ਾਮਿਲ ਸੀ।
ਪ੍ਰੈੱਸ ਕਾਨਫਰੰਸ ਦੌਰਾਨ ਬਰਨਾਲਾ ਦੇ ਐਸਪੀ ਸ੍ਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਥਾਣਾ ਸ਼ਹਿਣਾ ਦੇ ਪਿੰਡ ਜਗਜੀਤਪੁਰਾ ਦਾ ਰਹਿਣ ਵਾਲਾ ਇੱਕ ਪੂਰੇ ਦਾ ਪੂਰਾ ਪਰਿਵਾਰ ਹੀ ਨਸ਼ਾ ਤਸਕਰੀ ਦਾ ਧੰਦਾ ਕਰਦਾ ਸੀ, ਜਿਸ ਦੀਆਂ ਦੋ ਔਰਤਾਂ ਨੂੰ ਨਸ਼ੇ ਸਮੇਤ ਗ੍ਰਿਫਤਾਰ ਕੀਤਾ ਜਦ ਕਿ ਪਰਿਵਾਰ ਦਾ ਇੱਕ ਮਰਦ ਮੈਂਬਰ ਫਰਾਰ ਹੈ ਅਤੇ ਪਰਿਵਾਰ ਦਾ ਮੁਖੀ ਪਹਿਲਾਂ ਹੀ ਨਸ਼ਾ ਤਸਕਰੀ ਦੇ ਦੋਸ਼ਾਂ ਤਹਿਤ ਜੇਲ੍ਹ ਵਿੱਚ ਬੰਦ ਹੈ। ਉਹਨਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਥਾਣਾ ਸ਼ਹਿਣਾ ਦੀ ਪੁਲਿਸ ਨੇ ਇਕਬਾਲ ਸਿੰਘ ਨਾਂ ਦੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਸੀ ਜੋ ਨਸ਼ਾ ਪੀਣ ਦਾ ਆਦੀ ਸੀ। ‌ ਇਕਬਾਲ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹ ਨਸ਼ੇ ਦੀ ਬਿਮਾਰੀ ਤੋਂ ਬਾਹਰ ਨਿਕਲਣਾ ਚਾਹੁੰਦਾ ਹੈ ਅਤੇ ਉਹਨਾਂ ਵਿਅਕਤੀਆਂ ਦੇ ਖ਼ਿਲਾਫ਼ ਕਾਰਵਾਈ ਕਰਵਾਉਣਾ ਚਾਹੁੰਦਾ ਹੈ ਜਿਨਾਂ ਨੇ ਉਸਨੂੰ ਨਸ਼ੇ ‘ਤੇ ਲਗਾਇਆ। ਪੁਲਿਸ ਨੇ ਇਕਬਾਲ ਸਿੰਘ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਕਰਵਾਇਆ ਅਤੇ ਇਕਬਾਲ ਸਿੰਘ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ‘ਤੇ ਕਾਰਵਾਈ ਕਰਦੇ ਹੋਏ ਸੁਖਵਿੰਦਰ ਕੌਰ ਉਰਫ ਸੋਨੀ ਪਤਨੀ ਮਨਜਿੰਦਰ ਸਿੰਘ ਉਰਫ ਮੁੰਦਰੀ ਅਤੇ ਜਸਵੀਰ ਕੌਰ ਪਤਨੀ ਗੁਰਜੰਟ ਸਿੰਘ (ਦੋਵੇਂ ਸੱਸ-ਨੂੰਹ) ਨੂੰ 100 ਗ੍ਰਾਮ ਹੀਰੋਇਨ, 25 ਹਜਾਰ ਰੁਪਏ ਡਰੱਗ ਮਨੀ ਅਤੇ 2 ਮੋਬਾਈਲਾਂ ਸਮੇਤ ਕਾਬੂ ਕੀਤਾ, ਜਦ ਕਿ ਤੀਜਾ ਦੋਸ਼ੀ ਸੁਖਵਿੰਦਰ ਕੌਰ ਦਾ ਪਤੀ ਮਨਜਿੰਦਰ ਸਿੰਘ ਫਰਾਰ ਹੈ। ਜਿਸ ਦੀ ਗ੍ਰਿਫ਼ਤਾਰੀ ਜਲਦ ਕਰ ਲਈ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਮਨਜਿੰਦਰ ਸਿੰਘ ਦਾ ਪਿਤਾ ਗੁਰਜੰਟ ਸਿੰਘ ਜੋ ਨਸ਼ਾ ਵੇਚਣ ਦੇ ਮਾਮਲੇ ਵਿੱਚ ਪਹਿਲਾਂ ਤੋਂ ਹੀ ਜੇਲ੍ਹ ਵਿੱਚ ਬੰਦ ਹੈ। ਇਹ ਸਾਰਾ ਪਰਿਵਾਰ ਰਲ ਮਿਲ ਕੇ ਨਸ਼ਾ ਤਸਕਰੀ ਦਾ ਕਾਰੋਬਾਰ ਕਰਦੇ ਸਨ, ਜਿਨਾਂ ਖ਼ਿਲਾਫ਼ ਪਹਿਲਾਂ ਵੀ ਨਸ਼ਿਆਂ ਤਹਿਤ ਕਈ ਮੁਕੱਦਮੇ ਦਰਜ ਹਨ।

error: Content is protected !!