ਚੰਡੀਗੜ੍ਹ,17 ਮਈ, Gee98 News service
-ਦਿੱਲੀ ਵਿੱਚ ਆਮ ਆਦਮੀ ਪਾਰਟੀ (AAP) ਨੂੰ ਵੱਡਾ ਸਿਆਸੀ ਝਟਕਾ ਲੱਗਿਆ ਹੈ। ਪਾਰਟੀ ਦੇ 13 ਨਗਰ ਨਿਗਮ ਕੌਂਸਲਰਾਂ ਨੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਨਵੀਂ ਪਾਰਟੀ ‘ਇੰਦਰਪ੍ਰਸਥ ਵਿਕਾਸ ਪਾਰਟੀ’ ਬਣਾਉਣ ਦਾ ਐਲਾਨ ਕੀਤਾ ਹੈ। ਇਹ ਕੌਂਸਲਰ ਪਾਰਟੀ ਦੀ ਲੀਡਰਸ਼ਿਪ ਤੋਂ ਨਾਰਾਜ਼ ਸਨ। ਇਨਾਂ ਕੌਂਸਲਰਾਂ ਦਾ ਦੋਸ਼ ਹੈ ਕਿ ਨਿਗਮ ਵਿੱਚ ਪਿਛਲੇ 2.5 ਸਾਲਾਂ ਵਿੱਚ ਕੋਈ ਢੰਗ ਦਾ ਵਿਕਾਸਕਾਰੀ ਕੰਮ ਨਹੀਂ ਹੋਇਆ। ‘ਆਪ’ ਤੋਂ ਵੱਖ ਹੋ ਕੇ ਬਣੀ ਨਵੀਂ ਪਾਰਟੀ ਦੀ ਅਗਵਾਈ ਮੁਕੇਸ਼ ਗੋਇਲ ਕਰ ਰਹੇ ਹਨ, ਜਿਨ੍ਹਾਂ ਨੂੰ ਸਰਬ ਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਆਮ ਆਦਮੀ ਪਾਰਟੀ ਤੋਂ ਵੱਖ ਹੋਏ ਇਨ੍ਹਾਂ ਕੌਂਸਲਰਾਂ ਨੇ ਐਮਸੀਡੀ ਵਿੱਚ ਵੀ ਵੱਖਰਾ ਗਰੁੱਪ ਬਣਾਉਣ ਦਾ ਐਲਾਨ ਕੀਤਾ ਹੈ। ‘ਆਪ’ ਤੋਂ ਵੱਖ ਹੋ ਕੇ ਨਵੀਂ ਪਾਰਟੀ ਬਣਾਉਣ ਵਾਲੇ ਇਹਨਾਂ ਕੌਂਸਲਰਾਂ ਵਿੱਚ ਮੁਕੇਸ਼ ਗੋਇਲ,ਹੇਮਚੰਦ ਗੋਇਲ,ਦਿਨੇਸ਼ ਭਾਰਦਵਾਜ,ਹਿਮਾਨੀ ਜੈਨ,ਊਸ਼ਾ ਸ਼ਰਮਾ,ਸਾਹਿਬ ਕੁਮਾਰ,ਰਾਖੀ ਕੁਮਾਰ,ਅਸ਼ੋਕ ਪਾਂਡੇ,ਰਾਜੇਸ਼ ਕੁਮਾਰ,ਅਨਿਲ ਰਾਣਾ,ਦੇਵੇਂਦਰ ਕੁਮਾਰ ਦੇ ਨਾਮ ਮੁੱਖ ਤੌਰ ‘ਤੇ ਸ਼ਾਮਲ ਹਨ। ਕੌਂਸਲਰ ਹਿਮਾਨੀ ਜੈਨ ਨੇ ਅਸਤੀਫ਼ੇ ਦੀ ਵਜ੍ਹਾ ਦੱਸਦੇ ਹੋਏ ਕਿਹਾ ਕਿ, “ਅਸੀਂ ਨਵੀਂ ਪਾਰਟੀ ਬਣਾਈ ਹੈ ਕਿਉਂਕਿ ਸਾਡੀ ਵਿਚਾਰਧਾਰਾ ਦਿੱਲੀ ਦੇ ਵਿਕਾਸ ਲਈ ਕੰਮ ਕਰਨਾ ਹੈ। ਪਿਛਲੇ 2.5 ਸਾਲਾਂ ਵਿੱਚ ਨਿਗਮ ਵਿੱਚ ਕੋਈ ਕੰਮ ਨਹੀਂ ਹੋਇਆ। ਹੁਣ ਤੱਕ 15 ਕੌਂਸਲਰ ਅਸਤੀਫਾ ਦੇ ਚੁੱਕੇ ਹਨ ਅਤੇ ਹੋਰ ਵੀ ਸ਼ਾਮਲ ਹੋ ਸਕਦੇ ਹਨ।” ਦਿੱਲੀ ਵਿੱਚ ਵਾਪਰੇ ਇਸ ਵੱਡੇ ਸਿਆਸੀ ਘਟਨਾਕ੍ਰਮ ਨਾਲ ਦਿੱਲੀ ਦੀ ਸਥਾਨਕ ਸਿਆਸਤ ਵਿੱਚ ਵੀ ਵੱਡਾ ਉਲਟਫੇਰ ਆ ਸਕਦਾ ਹੈ।