ਚੰਡੀਗੜ੍ਹ,18 ਮਈ, Gee98 News service
-ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇੱਕ ਸ਼ਿਕਾਇਤ ਦੇ ਆਧਾਰ ‘ਤੇ ਲੁਧਿਆਣਾ ਦੇ ਇੱਕ ਸਿਵਲ ਜੱਜ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। 28 ਅਪ੍ਰੈਲ 2023 ਨੂੰ ਦਾਇਰ ਇੱਕ ਸ਼ਿਕਾਇਤ ਦੇ ਅਧਾਰ ‘ਤੇ ਸ਼ੁਰੂ ਕੀਤੀ ਅਨੁਸ਼ਾਸ਼ਨੀ ਕਾਰਵਾਈ ਦੇ ਹਿੱਸੇ ਵਜੋਂ ਹਾਈਕੋਰਟ ਨੇ ਲੁਧਿਆਣਾ ਦੇ ਸਿਵਲ ਜੱਜ (ਜੂਨੀਅਰ ਡਿਵੀਜ਼ਨ) ਸ੍ਰੀਮਤੀ ਵਿਭਾ ਰਾਣਾ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਹੈ। ਜੱਜ ਵਿਭਾ ਰਾਣਾ ਦੀ ਇਹ ਸ਼ਿਕਾਇਤ ਸ੍ਰੀਮਤੀ ਹਿਮਾਨੀ ਅਤੇ ਦਿੱਲੀ ਦੇ ਕੁਝ ਹੋਰ ਨਾਗਰਿਕਾਂ ਵੱਲੋਂ ਕੀਤੀ ਗਈ ਸੀ। ਹਾਈਕੋਰਟ ਵੱਲੋਂ ਜੱਜ ਦੀ ਮੁਅੱਤਲੀ ਦੀ ਪ੍ਰਕਿਰਿਆ ਭਾਰਤ ਦੇ ਸੰਵਿਧਾਨ ਦੀ ਧਾਰਾ 235 ਅਤੇ ਪੰਜਾਬ ਸਿਵਿਲ ਸੇਵਾਵਾਂ (ਸਜ਼ਾ ਤੇ ਅਪੀਲ) ਨਿਯਮ 1970 ਦੇ ਨਿਯਮ 4 ਦੇ ਤਹਿਤ ਕੀਤੀ ਗਈ ਹੈ।
ਮੁਅੱਤਲੀ ਦੀ ਮਿਆਦ ਦੌਰਾਨ ਸ਼੍ਰੀਮਤੀ ਵਿਭਾ ਰਾਣਾ ਨੂੰ ਮੋਗਾ ਹੈਡਕੁਆਰਟਰ ਤਬਦੀਲ ਕੀਤਾ ਗਿਆ ਅਤੇ ਉਹਨਾਂ ਨੂੰ ਮੋਗਾ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਪ੍ਰਵਾਨਗੀ ਤੋਂ ਬਿਨਾਂ ਮੋਗਾ ਛੱਡਣ ਦੀ ਆਗਿਆ ਨਹੀਂ ਹੋਵੇਗੀ। ਇਸ ਤੋਂ ਇਲਾਵਾ ਉਹਨਾਂ ਨੂੰ ਨਿਯਮਾਂ ਅਨੁਸਾਰ ਅੱਧੀ ਤਨਖਾਹ ਅਤੇ ਹੋਰ ਮੰਨਣਯੋਗ ਭੱਤੇ ਦਿੱਤੇ ਜਾਣਗੇ ਜੋ ਕਿ ਛੁੱਟੀ ਦੀ ਤਨਖਾਹ ਦੇ ਬਰਾਬਰ ਹੋਣਗੇ। ਹਾਈ ਕੋਰਟ ਵੱਲੋਂ ਇੱਕ ਸਿਵਲ ਜੱਜ ਦੀ ਮੁਅੱਤਲੀ ਦੀ ਪ੍ਰਕਿਰਿਆ ਨੂੰ ਨਿਆਂਪਾਲਿਕਾ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣ ਵੱਲ ਇੱਕ ਸਖ਼ਤ ਕਦਮ ਮੰਨਿਆ ਜਾ ਰਿਹਾ ਹੈ।