ਬਰਨਾਲਾ, 22 ਸਤੰਬਰ (ਨਿਰਮਲ ਸਿੰਘ ਪੰਡੋਰੀ)
ਸਾਂਝਾ ਅਧਿਆਪਕ ਮੋਰਚਾ ਪੰਜਾਬ ਜ਼ਿਲ੍ਹਾ ਬਰਨਾਲਾ ਇਕਾਈ ਦੀ ਮੀਟਿੰਗ ਕਨਵੀਨਰ ਹਰਿੰਦਰ ਮੱਲੀਆਂ ਦੀ ਪ੍ਰਧਾਨਗੀ ਹੇਠ ਡੀ ਸੀ ਕੰਪਲੈਕਸ ਬਰਨਾਲਾ ਵਿਖੇ ਹੋਈ। ਮੀਟਿੰਗ ਵਿਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਚ ਪੂਰੇ ਲਾਭਾਂ ਸਮੇਤ ਮਰਜ ਕਰਨ ਦਾ ਨੋਟੀਫਿਕੇਸ਼ਨ ਤੁਰੰਤ ਜਾਰੀ ਕਰੇ। ਕਨਵੀਨਰਾਂ ਬਲਦੇਵ ਸਿੰਘ ਧੌਲਾ, ਨਰਿੰਦਰ ਕੁਮਾਰ ਸਹਿਣਾ, ਪਰਮਿੰਦਰ ਸਿੰਘ ਰੁਪਾਲ ਅਤੇ ਜਸਵੀਰ ਸਿੰਘ ਬੀਹਲਾ ਨੇ ਕਿਹਾ ਕਿ ਸਿੱਖਿਆ ਮੰਤਰੀ ਦੇ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਲਈ ਤੋਹਫਾ ਦੇਣ ਦੇ ਬਿਆਨ ਨੂੰ ਅਸਲੀ ਜਾਮਾ ਪਹਿਨਾਇਆ ਜਾਣਾ ਚਾਹੀਦਾ ਹੈ, ਇਹ ਕੇਵਲ ਚੋਣ ਸਟੰਟ ਬਣ ਕੇ ਨਹੀਂ ਰਹਿਣਾ ਚਾਹੀਦਾ। ਆਗੂਆਂ ਨੇ ਕਿਹਾ ਕਿ ਇਹ ਅਧਿਆਪਕ ਪਿਛਲੇ ਲੰਬੇ ਸਮੇਂ ਤੋਂ ਸਕੂਲਾਂ ਵਿੱਚ ਵੱਡਮੁੱਲੀਆਂ ਸੇਵਾਵਾਂ ਦੇਣ ਦੇ ਨਾਲ ਨਾਲ ਆਪਣੀਆਂ ਹੱਕੀ ਮੰਗਾਂ ਦੇ ਹੱਲ ਲਈ ਸਿਰਤੋੜ ਯਤਨ ਕਰ ਰਹੇ ਹਨ ਅਤੇ ਸੰਘਰਸ਼ੀ ਪਿੜ ਵਿੱਚ ਹਨ। ਸਾਂਝਾ ਅਧਿਆਪਕ ਮੋਰਚਾ ਪੰਜਾਬ ਵੀ ਕੰਪਿਊਟਰ ਅਧਿਆਪਕਾਂ ਦੇ ਮਸਲੇ ਦੇ ਹੱਲ ਲਈ ਸੁਹਿਰਦ ਯਤਨ ਕਰ ਰਿਹਾ ਹੈ ਅਤੇ ਇਹਨਾਂ ਜਾਇਜ਼ ਮੰਗਾਂ ਪ੍ਰਤੀ ਆਪਣਾ ਪੂਰਾ ਸਮਰਥਨ ਦਿੰਦਾ ਹੈ। ਪਿਕਟਸ ਸੁਸਾਇਟੀ ਦਾ ਸੰਤਾਪ ਭੋਗ ਰਹੇ ਇਹ ਅਧਿਆਪਕ ਪਿਛਲੀਆਂ ਸਰਕਾਰਾਂ ਦੀਆਂ ਕੋਝੀਆਂ ਨੀਤੀਆਂ ਦਾ ਸ਼ਿਕਾਰ ਹੋ ਰਹੇ ਹਨ। ਸਿੱਖਿਆ ਮੰਤਰੀ ਦਾ ਬਿਆਨ ਕੀਤੇ ਹੋਏ ਸੰਘਰਸ਼ ਦਾ ਸਿੱਟਾ ਹੈ ਜਿਸ ਨੂੰ ਲਾਗੂ ਕਰਵਾਉਣ ਲਈ ਸਾਂਝਾ ਅਧਿਆਪਕ ਮੋਰਚਾ ਪੰਜਾਬ ਕੰਪਿਊਟਰ ਅਧਿਆਪਕ ਯੂਨੀਅਨ ਨਾਲ ਮਿਲ ਕੇ ਆਪਣੀ ਜੱਦੋ -. ਜਹਿਦ ਜਾਰੀ ਰੱਖੇਗਾ। ਇਸ ਮੌਕੇ ਜਗਤਾਰ ਸਿੰਘ ਪੱਤੀ, ਕੇਵਲ ਸਿੰਘ, ਮਨਜੀਤ ਸਿੰਘ ਬਖਤਗੜ, ਸੁਖਚੈਨ ਸਿੰਘ ਜੇਠੂਕੇ, ਅਮਰੀਕ ਸਿੰਘ ਭੱਦਲਵੱਡ, ਸੁਖਬੀਰ ਸਿੰਘ ਸੰਘੇੜਾ, ਹਰਜੀਤ ਸਿੰਘ ਖੁੱਡੀ ਕੁਲਦੀਪ ਸਿੰਘ ਬੀਹਲਾ, ਤੇਜਿੰਦਰ ਸਿੰਘ ਤੇਜੀ, ਜਗਤਾਰ ਰਾਏਸਰ, ਹਰਬੰਸ ਸਿੰਘ ਬਰਨਾਲਾ, ਚੰਦ ਘੁੰਨਸ, ਜਗਜੀਤ ਸਿੰਘ ਛਾਪਾ,ਏਕਮਪ੍ਰੀਤ ਸਿੰਘ ਭੋਤਨਾ, ਹਰਜਿੰਦਰ ਸਿੰਘ ਲਾਲੀ, ਸਤੀਸ਼ ਸਹਿਜੜਾ ਆਦਿ ਹਾਜ਼ਰ ਸਨ।








