ਬਰਨਾਲਾ, 04 ਅਕਤੂਬਰ (ਮੰਗਲ ਸਿੰਘ )
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਅਤੇ ਸੰਯੁਕਤ ਮੋਰਚੇ ਦੇ ਜ਼ਿਲ੍ਹਾ ਆਗੂ ਗੁਰਨਾਮ ਸਿੰਘ ਠੀਕਰੀਵਾਲਾ ਦੀ ਅਗਵਾਈ ਹੇਠ ਵਰਕਰਾਂ ਅਤੇ ਆਗੂਆਂ ਵੱਲੋਂ ਲਖਮੀਰਪੁਰ ਖ਼ੀਰੀ ਵਿਖੇ ਸ਼ਹੀਦ ਹੋਏ ਕਿਸਾਨਾਂ ਅਤੇ ਇੱਕ ਸ਼ਹੀਦ ਪੱਤਰਕਾਰ ਦੀ ਆਤਮਿਕ ਸ਼ਾਂਤੀ ਲਈ ਗੁਰਦੁਆਰਾ ਸਾਹਿਬ ਪਿੰਡ ਠੀਕਰੀਵਾਲਾ (ਬਰਨਾਲਾ ) ਵਿਖੇ ਅਰਦਾਸ ਕਰਵਾਈ । ਇਸ ਮੌਕੇ ਗੁਰਨਾਮ ਸਿੰਘ ਠੀਕਰੀਵਾਲਾ ਨੇ ਕਿਹਾ ਕਿ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲਖਮੀਰਪੁਰ ਖੀਰੀ ਵਿਖੇ ਸ਼ਹੀਦ ਹੋਏ ਕਿਸਾਨਾਂ ਅਤੇ ਸ਼ਹੀਦ ਪੱਤਰਕਾਰ ਦੀ ਆਤਮਿਕ ਸ਼ਾਂਤੀ ਲਈ ਜ਼ਿਲਾ ਬਰਨਾਲਾ ਦੇ ਵੱਖ-ਵੱਖ ਬਲਾਕਾਂ ਅੰਦਰ ਜਥੇਬੰਦੀ ਦੇ ਵਰਕਰਾਂ ਅਤੇ ਆਗੂਆਂ ਵੱਲੋਂ ਅੱਜ ਦਾ ਦਿਨ ਗੁਰੂ ਘਰਾਂ ਅੰਦਰ ਅਰਦਾਸ ਬੇਨਤੀ ਕਰਕੇ ਅਰਦਾਸ ਦਿਵਸ ਵਜੋਂ ਮਨਾਇਆ ਗਿਆ। ਕਿਸਾਨ ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਬਿਨਾਂ ਦੇਰੀ ਮੰਨੀਆਂ ਜਾਣ ਅਤੇ ਕਿਸਾਨਾਂ ਉੱਪਰ ਦਰਜ ਕੀਤੇ ਝੂਠੇ ਸਾਰੇ ਮੁਕੱਦਮੇ ਵਾਪਸ ਲਏ ਜਾਣ। ਉਨਾਂ ਕਿਹਾ ਕਿ ਕਿਸਾਨਾਂ ਨੂੰ ਸਰਕਾਰਾਂ ਦੀ ਝਾਕ ਛੱਡ ਕੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਬੀਕੇਯੂ ਕਾਦੀਆਂ ਦੇ ਝੰਡੇ ਹੇਠ ਲੜੇ ਜਾ ਰਹੇ ਸੰਘਰਸ਼ ਸਾਥ ਦੇਣ ਦੀ ਅਪੀਲ ਕੀਤੀ।ਉਨ੍ਹਾਂ ਦੱਸਿਆ ਕਿ 8 ਅਕਤੂਬਰ ਨੂੰ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਬਰਨਾਲਾ ਵਿਖੇ ਕਿਸਾਨ ਜਾਗਰੂਕਤਾ ਸੈਮੀਨਰ ਵਿੱਚ ਪੁੱਜ ਰਹੇ ਹਨ। ਇਸ ਮੌਕੇ ਜਥੇਬੰਦੀ ਦੇ ਇਕਾਈ ਪ੍ਰਧਾਨ ਕੌਰ ਸਿੰਘ ਠੀਕਰੀਵਾਲ, ਨਿਰਮਲ ਸਿੰਘ, ਸੁਖਪਾਲ ਸਿੰਘ, ਅਵਤਾਰ ਸਿੰਘ ਔਲਖ, ਹਰਪ੍ਰੀਤ ਸਿੰਘ ਔਲਖ,ਮੁਖਤਿਅਰ ਸਿੰਘ , ਸਰਬਜੀਤ ਸਿੰਘ ਅਤੇ ਸਮੂਹ ਨਗਰ ਨਿਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।








