Gee 98News

ਡੇਰਾ ਸਿਰਸਾ ਮੁਖੀ ਨੂੰ ਮਿਲ ਗਈ 40 ਦਿਨਾਂ ਦੀ ਛੁੱਟੀ, ਯੂਪੀ ਵਾਲੇ ਆਸ਼ਰਮ ’ਚ ਰਹਿਣਗੇ ਡੇਰਾ ਮੁਖੀ

-ਆਦਮਪੁਰ ਉਪ ਚੋਣ ਤੇ ਪੰਚਾਇਤ ਚੋਣਾਂ ਤੋਂ ਪਹਿਲਾਂ ਦਿੱਤੀ ਪੈਰੋਲ ’ਤੇ ਸਿਆਸੀ ਚਰਚਾ

–ਪੈਰੋਲ ਦੌਰਾਨ ਹਨੀਪ੍ਰੀਤ ਨੂੰ ਦਿੱਤੀਆਂ ਜਾ ਸਕਦੀਆਂ ਹਨ ਡੇਰੇ ਦੀਆਂ ਵਧੇਰੇ ਤਾਕਤਾਂ

ਬਰਨਾਲਾ, 14 ਅਕਤੂਬਰ (ਨਿਰਮਲ ਸਿੰਘ ਪੰਡੋਰੀ) :

Gee98 Ads

ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ 40 ਦਿਨਾਂ ਪੈਰੋਲ ਮਿਲੀ ਹੈ। ਇਸ ਦੌਰਾਨ ਡੇਰਾ ਮੁਖੀ ਆਪਣੇ ਯੂਪੀ ਵਿਚਲੇ ਆਸ਼ਰਮ ਵਿੱਚ ਰਹੇਗਾ। ਚਰਚਾ ਹੈ ਕਿ ਡੇਰਾ ਮੁਖੀ ਪੈਰੋਲ ਦੌਰਾਨ ਸਿਰਸਾ ਆਉਣਾ ਚਾਹੁੰਦਾ ਸੀ ਪ੍ਰੰਤੂ ਸਰਕਾਰ ਨੇ ਮਨਜ਼ੂਰੀ ਨਹੀਂ ਦਿੱਤੀ । ਹਰਿਆਣਾ ’ਚ ਵਿਧਾਨ ਸਭਾ ਹਲਕਾ ਆਦਮਪੁਰ ਦੀ ਉਪ ਚੋਣ ਅਤੇ ਪੰਚਾਇਤ ਚੋਣਾਂ ਤੋਂ ਪਹਿਲਾਂ ਡੇਰਾ ਮੁਖੀ ਦੀ ਪੈਰੋਲ ਨੂੰ ਸਿਆਸੀ ਹਲਕਿਆਂ ’ਚ ਮਹੱਤਵ ਦਿੱਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਡੇਰਾ ਮੁਖੀ ਨੂੰ ਫਰਵਰੀ 2022 ਅਤੇ ਜੂਨ 2022 ’ਚ ਪੈਰੋਲ ਦਿੱਤੀ ਗਈ ਸੀ। ਜ਼ਿਕਰਯੋਗ ਹੈ ਕਿ ਡੇਰਾ ਮੁਖੀ ਡੇਰੇ ਦੇ ਇੱਕ ਸ਼ਰਧਾਲੂ ਰਣਜੀਤ ਕਤਲ ਕਾਂਡ, ਪੱਤਰਕਾਰ ਰਾਮਚੰਦਰ ਛਤਰਪਤੀ ਅਤੇ ਡੇਰੇ ’ਚ ਰਹਿਣ ਵਾਲੀਆ ਸਾਧਵੀਆਂ ਦੇ ਸਰੀਰਕ ਸ਼ੋਸਣ ਸੰੰਬੰਧੀ ਰੋਹਤਕ ਦੀ ਸੁਨਾਰੀਆ ਜੇਲ ’ਚ 2017 ਤੋਂ ਸਜ਼ਾ ਕੱਟ ਰਹੇ ਹਨ । ਧਿਆਨਦੇਣ ਯੋਗ ਹੈ ਕਿ ਆਦਮਪੁਰ ਉਪ ਚੋਣ ਨਾਲ ਡੇਰਾ ਮੁਖੀ ਦੀ ਪੈਰੋਲ ਨੂੰ ਜੋੜ ਕੇ ਦੇਖਿਆ ਜਾ ਰਿਹਾ ਹੈ। ਆਦਮਪੁਰ ਡੇਰਾ ਸਿਰਸਾ ਦੇ ਕਰੀਬ ਹੀ ਹੈ। ਇਸ ਹਲਕੇ ਵਿੱਚ ਡੇਰਾ ਸਿਰਸਾ ਦੇ ਸ਼ਰਧਾਲੂੁਆਂ ਦੀ ਗਿਣਤੀ ਕਾਫੀ ਹੈ। ਇਸ ਤੋਂ ਇਲਾਵਾ ਹਰਿਆਣਾ ’ਚ ਪੰਚਾਇਤ ਚੋਣਾਂ ਦਾ ਐਲਾਨ ਵੀ ਹੋ ਚੁੱਕਿਆ ਹੈ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਡੇਰਾ ਮੁਖੀ 21 ਦਿਨਾਂ ਲਈ ਪੈਰੋਲ ਤੇ ਆਏ ਸਨ। ਚਰਚਾ ਇਹ ਵੀ ਹੈ ਕਿ ਡੇਰਾ ਮੁਖੀ ਆਪਣੀ ਪੈਰੋਲ ਦੌਰਾਨ ਹਨੀਪ੍ਰੀਤ ਨੂੰ ਡੇਰੇ ਦੀਆਂ ਬਹੁਤੀਆਂ ਪਵਰਾਂ ਦੇਣ ਸੰਬੰਧੀ ਆਪਣੇ ਵਿਸ਼ਵਾਸ਼ ਪਾਤਰ ਸ਼ਰਧਾਲੂਆਂ ਨੂੰ ਸੰਕੇਤ ਦੇਣਗੇ। ਡੇਰਾ ਮੁਖੀ ਅਤੇ ਹਨੀਪ੍ਰੀਤ ਦੇ ਰਿਸ਼ਤੇ ਸੰਬੰਧੀ ਵੱਖ-ਵੱਖ ਤਰਾਂ ਦੀਆਂ ਚਰਚਾਵਾਂ ਹੁੰਦੀਆਂ ਰਹੀਆਂ ਹਨ ਪ੍ਰੰਤੂ ਹੁਣ ਸਾਹਮਣੇ ਆਇਆ ਹੈ ਕਿ ਹਨੀਪ੍ਰੀਤ ਦੇ ਪਿਤਾ-ਮਾਤਾ ਵਾਲੇ ਖ਼ਾਨੇ ਵਿੱਚ ਡੇਰਾ ਮੁਖੀ ਦਾ ਨਾਮ ਦਰਜ ਹੈ। ਗੁਰਮੀਤ ਰਾਮ ਰਹੀਮ ਨੇ ਹਨੀਪ੍ਰੀਤ ਨੂੰ ਆਪਣੀ ਪਰਿਵਾਰਿਕ ਆਈਡੀ ਵਿੱਚ ਜੋੜਿਆ ਹੋਇਆ ਹੈ ਅਤੇ ਉਸ ਨੂੰ ਆਪਣੀ ਮੁਖ ਸੇਵਿਕਾ ਤੇ ਧਰਮ ਦੀ ਬੇਟੀ ਦੱਸਿਆ ਗਿਆ ਹੈ।

ਬਾਕਸ ਆਈਟਮ

ਹਨੀਪ੍ਰੀਤ ਨੂੰ ਡੇਰੇ ਦੀਆ ਬਹੁਤੀਆਂ ਪਾਵਰਾਂ ਦੇਣ ਸੰਬੰਧੀ ਚਰਚਾ ਇਸ ਕਰਕੇ ਵੀ ਵਜ਼ਨਦਾਰ ਲਗਦੀ ਹੈ ਕਿਉਂਕਿ ਡੇਰਾ ਮੁਖੀ ਦਾ ਬਾਕੀ ਪਰਿਵਾਰ ਪਿਛਲੇ ਕਾਫੀ ਸਮੇਂ ਤੋਂ ਡੇਰਾ ਮੁਖੀ ਦੇ ਸੰਪਰਕ ਵਿੱਚ ਨਹੀਂ ਹੈ। ਡੇਰਾ ਮੁਖੀ ਦੀਆਂ ਦੋਵੇਂ ਬੇਟੀਆਂ ਅਮਰਪ੍ਰੀਤ ਅਤੇ ਚਰਨਪ੍ਰੀਤ ਕਾਫੀ ਸਮੇਂ ਤੋਂ ਲੰਡਨ ਚਲੀਆਂ ਗਈਆਂ ਸਨ ਅਤੇ ਹੁਣ ਡੇਰਾ ਮੁਖੀ ਦਾ ਬੇਟਾ ਜਸਮੀਤ ਵੀ ਆਪਣੇ ਪਰਿਵਾਰ ਸਮੇਤ ਲੰਡਨ ਚਲਿਆ ਗਿਆ। ਡੇਰਾ ਮੁਖੀ ਦੀ ਮਾਂ ਨਸੀਬ ਕੌਰ ਅਤੇ ਪਤਨੀ ਹਰਜੀਤ ਕੌਰ ਭਾਵੇਂ ਏਧਰ ਹੀ ਹੈ ਪ੍ਰੰਤੁ ਉਹ ਡੇਰਾ ਮੁਖੀ ਦੇ ਸੰਪਰਕ ਵਿੱਚ ਜ਼ਿਆਦਾ ਨਹੀਂ ਹਨ, ਸਿਰਫ਼ ਹਨੀਪ੍ਰੀਤ ਹੀ ਡੇਰੇ ਦੇ ਪ੍ਰਬੰਧਾਂ ਅਤੇ ਹੋਰ ਕੰਮਾਂ-ਕਾਰਾਂ ਸੰਬੰਧੀ ਡੇਰਾ ਮੁਖੀ ਦੇ ਜ਼ਿਆਦਾ ਸੰਪਰਕ ਵਿੱਚ ਹੈ। ਧਿਆਨ ਵਿੱਚ ਆਇਆ ਹੈ ਕਿ ਪਿਛਲੀ ਪੈਰੋਲ ਦੌਰਾਨ ਸੰਤ ਗੁਰਮੀਤ ਰਾਮ ਨੇ ਆਪਣਾ ਆਧਾਰ ਕਾਰਡ ਅੱਪਡੇਟ ਕਰਵਾਇਆ ਸੀ ਜਿਸ ਵਿੱਚ ਉਨਾਂ ਪਿਤਾ ਵਾਲੇ ਖ਼ਾਨੇ ’ਚ ਸ਼ਾਹ ਸਤਨਾਮ ਦਾ ਨਾਮ ਦਰਜ ਕਰਵਾਇਆ ਸੀ ਜਦਕਿ ਪਹਿਲਾਂ ਪਿਤਾ ਵਜੋਂ ਮੱਘਰ ਸਿੰਘ ਦਾ ਨਾਮ ਦਰਜ ਸੀ। ਕੁੱਲ-ਮਿਲਾ ਕੇ ਜਿੱਥੇ ਡੇਰਾ ਮੁਖੀ ਦੀ 40 ਦਿਨਾਂ ਦੀ ਇਸ ਪੈਰੋਲ ਨੂੰ ਹਰਿਆਣਾ ਦੀ ਆਦਮਪੁਰ ਉਪ ਚੋਣ ਅਤੇ ਪੰਚਾਇਤ ਚੋਣਾਂ ਨਾਲ ਜੋੜਿਆ ਜਾ ਰਿਹਾ ਹੈ ਉੱਥੇ ਹਨੀਪ੍ਰੀਤ ਨੂੰ ਡੇਰੇ ਦੀਆਂ ਵਧੇਰੇ ਤਾਕਤਾਂ ਦੇਣ ਸੰਬੰਧੀ ਵੀ ਇਸ ਪੈਰੋਲ ਦੌਰਾਨ ਲੋੜੀਦੀਆਂ ਕਾਰਵਾਈਆਂ ਮੁਕੰਮਲ ਕੀਤੀਆਂ ਜਾ ਸਕਦੀਆਂ ਹਨ । ਇਹ ਕਾਰਵਾਈਆਂ ਕਾਨੂੰਨੀ ਵੀ ਹੋ ਸਕਦੀਆਂ ਜਾਂ ਫਿਰ ਆਪਣੇ ਵਿਸ਼ਵਾਸ਼ਪਾਤਰ ਸ਼ਰਧਾਲੂਆਂ ਦੀ ਹਾਜ਼ਰੀ ’ਚ ‘ਆੱਫ਼ ਦੀ ਰਿਕਾਰਡ’ ਵੀ ਹੋ ਸਕਦੀਆਂ ਹਨ।

Gee98 Ads
error: Content is protected !!