Gee 98News

ਬਠਿੰਡਾ ਸੁੰਦਰਤਾ ਮੁਕਾਬਲੇ ਦੇ ਦੋ ਆਯੋਜਕਾਂ ’ਤੇ ਮੁਕੱਦਮਾ ਦਰਜ

ਬਰਨਾਲਾ, 14 ਅਕਤੂਬਰ (ਨਿਰਮਲ ਸਿੰਘ ਪੰਡੋਰੀ) :

ਪੰਜਾਬ ’ਚ ਵਾਤਾਵਰਣ ਪ੍ਰਦੂਸ਼ਣ ਅਤੇ ਹੋਰ ਵੱਖ-ਵੱਖ ਤਰਾਂ ਦੇ ਪ੍ਰਦੂਸ਼ਣਾਂ ਦੀ ਮਨੁੱਖੀ ਸਿਹਤ ਦੇ ਨਾਲ-ਨਾਲ ਹੋਰ ਜੀਵ ਜੰਤੂਆਂ ਉੱਪਰ ਮਾਰ ਸੰਬੰਧੀ ਅਕਸਰ ਚਰਚਾ ਹੁੰਦੀ ਰਹਿੰਦੀ ਹੈ ਪ੍ਰੰਤੂ ਪਿਛਲੇ ਦਿਨੀ ਬਠਿੰਡਾ ਵਿਖੇ ਵਾਪਰੀ ਇੱਕ ਘਟਨਾ ਤੋਂ ਬਾਅਦ ਗੁਰੂਆਂ, ਪੀਰਾਂ, ਰਿਸ਼ੀਆਂ, ਮੁਨੀਆਂ ਦੀ ਧਰਤੀ ਪੰਜਾਬ ’ਚ ਮਾਨਸਿਕ ਪ੍ਰਦੂਸ਼ਣ ਦੀ ਵੱਡੀ ਮਿਸਾਲ ਮਿਲਦੀ ਹੈ। ਕੁਝ ਦਿਨ ਪਹਿਲਾਂ ਬਠਿੰਡਾ ਸ਼ਹਿਰ ’ਚ ਸੁੰਦਰ ਲੜਕੀਆਂ ਦੇ ਮੁਕਾਬਲੇ ਸੰਬੰਧੀ ਪੋਸਟਰ ਲੱਗੇ ਜਿਉਂ ਹੀ ਇਹ ਪੋਸਟਰ ਸੋਸ਼ਲ ਮੀਡੀਆ ’ਤੇ ਵਾਇਰਲ ਹੋਏ ਤਾਂ ਸੂਬੇ ਦੇ ਲੋਕਾਂ ਵਿਚਕਾਰ ਵਿਚਾਰਧਾਰਕ ਤਰਥੱਲੀ ਮੱਚ ਗਈ। ਪੋਸਟਰ ਦੀ ਸ਼ਬਦਾਵਲੀ ਮੁਤਾਬਿਕ 10 ਅਕਤੂਬਰ ਨੂੰ ਜਨਰਲ ਕੈਟਾਗਿਰੀ ਨਾਲ ਸੰਬੰਧਿਤ ਲੜਕੀਆਂ ਦੀ ਸੁੰਦਰਤਾ ਦੇ ਮੁਕਾਬਲੇ ਰੱਖੇ ਗਏ ਸਨ ਅਤੇ ਮੁਕਾਬਲੇ ਦੀ ਜੇਤੂ ਲੜਕੀ ਨੂੰ ਕੈਨੇਡਾ ਪੀਆਰ ਲੜਕੇ ਨਾਲ ਵਿਆਹ ਦੀ ਆੱਫ਼ਰ ਦਿੱਤੀ ਗਈ ਸੀ। ਪੁਲਿਸ ਨੇ ਭਾਜਪਾ ਆਗੂ ਸੁਖਪਾਲ ਸਰਾਂ ਦੀ ਸ਼ਿਕਾਇਤ ਉੱਪਰ ਭਾਵੇਂ ਦੋ ਵਿਅਕਤੀਆਂ ਸੁਰਿੰਦਰ ਸਿੰਘ ਤੇ ਰਾਮਦਿਆਲ ਉੱਪਰ ਵੱਖ-ਵੱਖ ਧਾਰਾਵਾਂ ਅਤੇ ਅਸ਼ਲੀਲਤਾ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਹੈ ਪ੍ਰੰਤੂ ਇਹ ਸਮੁੱਚਾ ਮਾਮਲਾ ਪੰਜਾਬ ਲਈ ਹਮੇਸ਼ਾ ਫਿਕਰਮੰਦ ਰਹਿਣ ਵਾਲੇ ਦਿਮਾਗਾਂ ਸਾਹਮਣੇ ਇੱਕ ਵੱਡੀ ਚਣੌਤੀ ਬਣ ਕੇ ਖੜਾ ਹੋਇਆ ਹੈ। ਕਈ ਵਰਿਆਂ ਤੋਂ ਪੰਜਾਬ ਨੂੰ ਮੂਧੇ-ਮੂੰਹ ਸੁੱਟਣ ਲਈ ਹਰ ਪਾਸੇ ਤੋਂ ਵਾਰ ਕੀਤੇ ਜਾ ਰਹੇ ਹਨ ਪ੍ਰੰਤੂ ਇਹ ਸੁੰਦਰਤਾ ਮੁਕਾਬਲਾ ਸਿੱਧੇ ਤੌਰ ’ਤੇ ਸੂਬੇ ਦੇ ਲੋਕਾਂ ਦੀ ਅਣਖ਼-ਗ਼ੈਰਤ ਨੂੰ ਪਰਖਣ ਦਾ ਇੱਕ ਤਰੀਕਾ ਮੰਨਿਆ ਜਾ ਸਕਦਾ ਹੈ।

error: Content is protected !!